ਚੰਡੀਗੜ੍ਹ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਠੱਲ੍ਹ ਪਾਊਣ ਲਈ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਸਲਾਹਕਾਰ ਮਨੋਜ ਪਰੀਦਾ, ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇ ਪੁਲੀਸ ਅਧਿਕਾਰੀਆਂ ਨਾਲ ਕਰਾਈਮ ਰੀਵਿਊ ਮੀਟਿੰਗ ਕੀਤੀ। ਸ੍ਰੀ ਬਦਨੌਰ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਚੌਕਸੀ ਵਧਾਉਂਦਿਆਂ ਪੁਲੀਸ ਨਾਕਿਆਂ ਦੀ ਗਿਣਤੀ ਵੀ ਵਧਾਈ ਜਾਵੇ। ਉਨ੍ਹਾਂ ਸ਼ਹਿਰ ਵਿੱਚ ਟ੍ਰੈਫ਼ਿਕ ਪੁਲੀਸ ਵੱਲੋਂ ਸ਼ੁਰੂ ਕੀਤੇ ਜਾ ਰਹੇ ਈ-ਚਲਾਨ ਸਿਸਟਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੁਲੀਸ ਵੱਲੋਂ ਛੇਤੀ ਹੀ ਸੈਕਟਰ-23 ਦੇ ਚਿਲਡਰਨ ਟ੍ਰੈਫ਼ਿਕ ਪਾਰਕ ਵਿੱਚ ਉਨ੍ਹਾਂ ਲੋਕਾਂ ਲਈ ‘ਡਰਾਈਵਰ ਰਿਫ਼ਰੈਸ਼ਰ ਟ੍ਰੇਨਿੰਗ ਕੋਰਸ’ ਸ਼ੁਰੂ ਕਰ ਰਹੀ ਹੈ ਜਿਨ੍ਹਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਮੌਜੂਦ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਪ੍ਰਸ਼ਾਸਕ ਸ੍ਰੀ ਬਦਨੌਰ ਨੂੰ ਦੱਸਿਆ ਕਿ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਪੰਜਾਬ ਅਤੇ ਹਰਿਆਣਾ ਨਾਲ ਅੰਤਰ-ਸੂਬਾਈ ਮੀਟਿੰਗ ਕਰਕੇ ਭਲਕੇ ਤੋਂ ਹੀ ਕਾਰਵਾਈ ਅਰੰਭੀ ਜਾਵੇਗੀ।