ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਜੂਨ
ਇੱਥੋਂ ਦੇ ਨੇੜਲੇ ਕਸਬਾ ਨਵਾਂ ਗਾਉਂ ਇਲਾਕੇ ਵਿੱਚ ਮਜੀਠਾ ਹਲਕੇ ਦੇ ਵਸਨੀਕ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (65) ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਸੋਹੀਆ ਕਲਾਂ (ਅੰਮ੍ਰਿਤਸਰ) ਵਜੋਂ ਹੈ। ਉਹ ਇੱਥੇ ਕਾਹਲੋਂ ਫਾਰਮ ਹਾਊਸ ’ਚ ਮੈਨੇਜਰ ਵਜੋਂ ਤਾਇਨਾਤ ਸੀ ਅਤੇ ਇੱਥੇ ਹੀ ਰਹਿੰਦਾ ਸੀ। ਇਸ ਸਬੰਧੀ ਪੁਲੀਸ ਨੇ ਮ੍ਰਿਤਕ ਦੇ ਬੇਟੇ ਅਜੀਤ ਸਿੰਘ ਦੇ ਬਿਆਨਾਂ ’ਤੇ ਤਿੰਨ ਹਮਲਾਵਰਾਂ ਅਜੀਤ ਪਾਸੀ, ਮਨੀਸ਼ ਕੁਮਾਰ ਅਤੇ ਮੁਕੇਸ਼ ਕੁਮਾਰ ਸਾਰੇ ਵਾਸੀ ਪਿੰਡ ਬਦੋਲੀ (ਯੂਪੀ) ਖ਼ਿਲਾਫ਼ ਨਵਾਂ ਗਾਉਂ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦੇ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਬਲਕਾਰ ਸਿੰਘ ਕਾਫੀ ਸਮੇਂ ਤੋਂ ਕਾਹਲੋਂ ਫਾਰਮ ਹਾਊਸ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਐਤਵਾਰ ਦੇਰ ਰਾਤ ਨੂੰ ਅਜੀਤ, ਮੁਕੇਸ਼ ਅਤੇ ਮਨੀਸ਼ ਬੈਠ ਕੇ ਸ਼ਰਾਬ ਪੀ ਰਹੇ ਸਨ। ਮੈਨੇਜਰ ਬਲਕਾਰ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਗੱਲ ਖੂਨੀ ਸੰਘਰਸ਼ ਤੱਕ ਪਹੁੰਚ ਗਈ। ਇਸ ਦੌਰਾਨ ਜਦੋਂ ਬਲਕਾਰ ਸਿੰਘ ਆਪਣੇ ਕਮਰੇ ’ਚ ਜਾ ਕੇ ਸੌਂ ਗਿਆ ਤਾਂ ਮੁਲਜ਼ਮਾਂ ਨੇ ਉਸ ਦੇ ਸਿਰ ਵਿੱਚ ਕੁਹਾੜੀ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਪੀਜੀਆਈ ਦਾਖ਼ਲ ਕਰਵਾਇਆ ਗਿਆ। ਅੱਜ ਇਲਾਜ ਦੌਰਾਨ ਦੁਪਹਿਰ ਵੇਲੇ ਬਲਕਾਰ ਸਿੰਘ ਦੀ ਮੌਤ ਹੋ ਗਈ। ਡੀਐੱਸਪੀ ਸੰਧੂ ਨੇ ਦੱਸਿਆ ਕਿ ਅੱਜ ਮੈਨੇਜਰ ਦੀ ਮੌਤ ਤੋਂ ਬਾਅਦ ਕੇਸ ’ਚ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਦੀ ਇਕ ਟੀਮ ਨੂੰ ਯੂਪੀ ਭੇਜੀ ਗਈ ਹੈ।