ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਜੁਲਾਈ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦਾ ਪਟਿਆਲਾ ’ਚ ਸੂਬਾ ਪੱਧਰੀ ਮੁੱਖ ਦਫ਼ਤਰ ਕਦੇ ਵੀ ਅੱਗ ਦੀ ਲਪੇਟ ’ਚ ਆ ਸਕਦਾ ਹੈ ਕਿਉਂਕਿ ਇਸ ਦੀ ਛੱਤ ’ਤੇ ਲਗਾਏ ‘ਫਾਇਰ ਫਾਈਟਰਾਂ’ ਦੀ ਹਾਲਤ ਕਾਫ਼ੀ ਮਾੜੀ ਹੋ ਚੁੱਕੀ ਹੈ। ਹਾਲਾਂਕਿ ਇਹ ਦਫ਼ਤਰ ਅਕਾਲੀ ਸਰਕਾਰ ਸਮੇਂ ਕੁਝ ਹੀ ਸਾਲ ਪਹਿਲਾਂ ਬਣਾਇਆ ਗਿਆ ਸੀ ਪਰ ਇਸ ਦੇ ਅੱਗ ਬੁਝਾਊ ਯੰਤਰ ਦਾ ਇਹ ਹਾਲ ਦੇਖ ਕੇ ਲੱਗਦਾ ਹੈ ਕਿ ਇਹ ਯੰਤਰ ਇਕ ਵਾਰੀ ਲਗਾ ਕੇ ਵਿਭਾਗ ਭੁੱਲ ਹੀ ਗਿਆ ਹੈ। ਮੁੱਖ ਦਫ਼ਤਰ ਦੀ ਛੱਤ ਉੱਤੇ ਨਵੀਂ ਤਕਨੀਕ ਦਾ ਅੱਗ ਬੁਝਾਊ ਯੰਤਰ ਲਗਾਇਆ ਗਿਆ ਸੀ, ਜਿਸ ’ਤੇ ਕਥਿਤ ਲੱਖਾਂ ਰੁਪਏ ਖ਼ਰਚ ਆਏ ਸਨ। ਇਹ ਦਫ਼ਤਰ ਦੇ ਹਰ ਇਕ ਕਮਰੇ ਦੀ ਅੱਗ ਬੁਝਾਉਣ ਦੇ ਸਮਰੱਥ ਹੈ, ਪਰ ਅੱਜ ਕੱਲ੍ਹ ਇਸ ਦੀ ਹਾਲਤ ਦੇਖ ਕੇ ਇੰਜ ਲਗਦਾ ਹੈ ਕਿ ਜੇ ਦਫ਼ਤਰ ’ਚ ਕਿਤੇ ਵੀ ਅੱਗ ਲੱਗ ਗਈ ਤਾਂ ਇਸ ਨੂੰ ਬੁਝਾਉਣ ਵਾਲਾ ਯੰਤਰ ਨਾਕਾਮ ਸਾਬਤ ਹੋਵੇਗਾ। ਇਸ ਯੰਤਰ ਦੀ ਹਰ ਤਿੰਨ ਮਹੀਨਿਆਂ ਬਾਾਦ ਮੌਕ ਡਰਿੱਲ ਕਰਨੀ ਬਣਦੀ ਹੈ ਪਰ ਜਦੋਂ ਤੋਂ ਇਸ ਦਫ਼ਤਰ ਤੇ ਅੱਗ ਬੁਝਾਊ ਯੰਤਰ ਲਗਾਇਆ ਗਿਆ ਹੈ, ਉਦੋਂ ਤੋਂ ਕੁਝ ਸਮਾਂ ਹੀ ਮੌਕ ਡਰਿੱਲ ਕੀਤੀ ਗਈ ਪਰ ਬਾਅਦ ’ਚ ਇਸ ਬਾਰੇ ਕਿਸੇ ਨੇ ਸੋਚਣਾ ਵੀ ਬੰਦ ਕਰ ਦਿੱਤਾ।
ਇਕੱਤਰ ਜਾਣਕਾਰੀ ਅਨੁਸਾਰ ਛੱਤ ’ਤੇ ਲੱਗੇ ਇਸ ਯੰਤਰ ਦਾ ਬੁਰਾ ਹਾਲ ਹੈ, ਇਸ ਨੂੰ ਜੰਗਾਲ ਖਾ ਰਹੀ ਹੈ, ਇਸ ਦੇ ਮੁੱਖ ਕੰਟਰੋਲ ਕੇਂਦਰ ਤੇ ਜਾਨਵਰਾਂ ਨੇ ਆਲ੍ਹਣੇ ਪਾ ਰੱਖੇ ਹਨ। ਜੇ ਇਸ ਦੀ ਗ਼ੌਰ ਨਾ ਕੀਤੀ ਗਈ ਤਾਂ ਇਸ ਖ਼ਤਮ ਹੋ ਜਾਵੇਗਾ।
ਇਸ ਬਾਰੇ ਵਿਭਾਗ ਦੇ ਸੂਬਾ ਐੱਚਓਡੀ ਅਮਿੱਤ ਤਲਵਾਰ ਨੇ ਕਿਹਾ ਕਿ ਇਹ ਸਾਡੇ ਧਿਆਨ ਵਿਚ ਨਹੀਂ ਸੀ, ਪਰ ਹੁਣ ਜਦੋਂ ਧਿਆਨ ਵਿਚ ਆਇਆ ਹੈ ਤਾਂ ਇਸ ਬਾਰੇ ਉਹ ਸਬੰਧਿਤ ਅਫ਼ਸਰ ਦੀ ਡਿਊਟੀ ਲਗਾ ਕੇ ਇਸ ਦੀ ਸੰਭਾਲ ਕਰਨ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਇਹ ਇਮਾਰਤ ਬਣਾਉਣ ਵੇਲੇ ਅੱਗ ਬਣਾਉਣ ਬਾਰੇ ਖ਼ਾਸ ਧਿਆਨ ਰੱਖਿਆ ਸੀ, ਪਰ ਹੁਣ ਜੇ ਇਸ ਦੀ ਹਾਲਤ ਏਨੀ ਮਾੜੀ ਹੈ ਤਾਂ ਇਸ ਬਾਰੇ ਜਾਂਚ ਕੀਤੀ ਜਾਵੇਗੀ।