ਪਾਲ ਸਿੰਘ ਨੌਲੀ
ਜਲੰਧਰ, 10 ਜੁਲਾਈ
ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ 49 ਜਣੇ ਕਰੋਨਾ ਤੋਂ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚ ਫੌਜ ਦੇ 16 ਜਵਾਨ ਮਿਲਟਰੀ ਹਸਪਤਾਲ ਜਲੰਧਰ ਛਾਉਣੀ ਵਿੱਚ ਦਾਖਲ ਹਨ। ਸੀਆਰਪੀਐਫ਼ ਦਾ ਇਕ ਜਵਾਨ ਵੀ ਕਰੋਨਾ ਪਾਜ਼ੇਟਿਵ ਆਇਆ ਹੈ। ਜਲੰਧਰ ਸ਼ਹਿਰ ਵਿੱਚ ਮਖਦੂਮਪੁਰਾ ਮੁਹੱਲੇ ਦੇ ਵੀ 10 ਜਣੇ ਪਾਜ਼ੇਟਿਵ ਪਾਏ ਗਏ ਹਨ। ਮਖਦੂਮਪੁਰਾ ਸ਼ੁਰੂ ਤੋਂ ਹੌਟਸਪਾਟ ਬਣਿਆ ਹੋਇਆ ਹੈ। ਇਸੇ ਤਰ੍ਹਾਂ ਨਿਊ ਅਮਰ ਨਗਰ ਦੇ 5 ਜਣੇ ਪਾਜ਼ੇਟਿਵ ਆਏ ਹਨ। ਇਨ੍ਹਾਂ ਦੀ ਪੁਸ਼ਟੀ ਨੋਡਲ ਅਫ਼ਸਰ ਡਾ: ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1091 ਹੋ ਗਈ ਹੈ। ਹੁਣ ਤੱਕ 709 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਜਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 23 ਮੌਤਾਂ ਹੋ ਚੁੱਕੀਆਂ ਹਨ। ਜਲੰਧਰ ਵਿੱਚ ਐੱਸਐੱਸਪੀ ਨਵਜੋਤ ਸਿੰਘ ਮਾਹਲ, ਇੱਕ ਐਸਡੀਐਮ ਤੇ ਇੱਕ ਜੱਜ ਸਮੇਤ ਹੋਰ ਅਧਿਕਾਰੀ ਵੀ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।