ਨਵੀਂ ਦਿੱਲੀ, 4 ਜੂਨ
ਕੋਵਿਡ-19 ਮਹਾਮਾਰੀ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਉਨ੍ਹਾਂ ਦੇ ਪਿੱਤਰੀ ਰਾਜ ਉੱਤਰ ਪ੍ਰਦੇਸ਼ ਪਹੁੰਚਾਏ ਜਾਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕਰਨ ਵਾਲੇ ਮੁੰਬਈ ਦੇ ਵਕੀਲ ਨੂੰ ਸੁਪਰੀਮ ਕੋਰਟ ਨੇ ਸਿਖਰਲੀ ਅਦਾਲਤ ਦੀ ਰਜਿਸਟਰੀ ਵਿੱਚ ਇਹ ਰਕਮ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਹਨ। ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਸ਼ਮੂੁਲੀਅਤ ਵਾਲੇ ਬੈਂਚ ਨੇ ਵਕੀਲ ਸਗੀਰ ਅਹਿਮਦ ਖਾਨ ਨੂੰ ਇਹ ਰਕਮ ਰਜਿਸਟਰੀ ਵਿੱਚ ਸਿਖਰਲੀ ਅਦਾਲਤ ਦੇ ਸਕੱਤਰ ਜਨਰਲ ਦੇ ਨਾਂ ’ਤੇ ਜਮ੍ਹਾਂ ਕਰਾਉਣ ਦਾ ਆਦੇਸ਼ ਦਿੱਤਾ ਤਾਂ ਜੋ ਇਸ ਦੀ ਪਰਵਾਸੀ ਮਜ਼ਦੂਰਾਂ ਦੇ ਸਫ਼ਰ ਲਈ ਵਰਤੋਂ ਕੀਤੀ ਜਾ ਸਕੇ। ਵੀਡੀਓ ਕਾਨਫੰਰਸਿੰਗ ਜ਼ਰੀਏ ਹੋਈ ਸੁਣਵਾਈ ਦੌਰਾਨ ਖਾਨ ਨੇ ਕਿਹਾ ਕਿ ਉਹ ਪਰਵਾਸੀ ਮਜ਼ਦੂਰਾਂ ਲਈ ਚਿੰਤਤ ਹੈ ਅਤੇ ਸਿਖਰਲੀ ਅਦਾਲਤ ਕੋਲ 25 ਲੱਖ ਰੁਪਏ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਜੋ ਇਸ ਰਕਮ ਨੂੰ ਪਰਵਾਸੀ ਮਜ਼ਦੂਰਾਂ ਦੇ ਰੇਲ ਕਿਰਾਏ ਵਜੋਂ ਵਰਤਿਆ ਜਾ ਸਕੇ। ਉਸ ਨੇ ਇਹ ਰਕਮ ਵਿਸ਼ੇਸ਼ ਤੌਰ ’ਤੇ ਮੁੰਬਈ ਤੋਂ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਅਤੇ ਹੋਰ ਥਾਵਾਂ ’ਤੇ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਲਈ ਵਰਤੇ ਜਾਣ ਦੀ ਇੱਛਾ ਪ੍ਰਗਟਾਈ ਹੈ।