ਸ਼ਗਨ ਕਟਾਰੀਆ
ਬਠਿੰਡਾ, 10 ਜੁਲਾਈ
ਇੱਥੇ ਐਨਐਫਐਲ ਨੇੜਿਓਂ ਅੱਜ 30 ਕੁ ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੇ ਸਿਰ ’ਤੇ ਬਹੁਤ ਜ਼ਿਆਦਾ ਵਾਰ ਕੀਤੇ ਹੋਏ ਸਨ ਵਾਰਦਾਤ ਪਿੱਛੋਂ ਲਾਸ਼ ਲੁਕਾਉਣ ਲਈ ਉਸ ’ਤੇ ਇੱਟਾਂ ਵੀ ਸੁੱਟੀਆਂ ਹੋਈਆਂ ਸਨ। ਕਤਲ ਦੇ ਕਾਰਨਾਂ ਦਾ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਮੁਤਾਬਕ ਲਾਸ਼ ਦੇ ਕੋਲੋਂ ਹੀ ਲੋਹੇ ਦੀ ਪਾਈਪ ਵੀ ਮਿਲੀ ਹੈ। ਮ੍ਰਿਤਕ ਦੇ ਕੱਪੜਿਆਂ ਦੀ ਤਲਾਸ਼ੀ ਲੈਣ ’ਤੇ ਉਸ ਦੀ ਪਛਾਣ ਜੋਨੀ ਰਾਮ ਪੁੱਤਰ ਅਮੀ ਚੰਦ ਵਾਸੀ ਪੂਹਲਾ ਕਲੋਨੀ ਆਦਰਸ਼ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲੀਸ ਨੇ ਸੁਸਾਇਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਪਹੁੰਚਾ ਦਿੱਤੀ ਥਾਣਾ ਥਰਮਲ ਦੇ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮੀ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਫ਼ਾਈ ਦਾ ਕੰਮ ਕਰਦਾ ਸੀ ਅਤੇ ਅੱਜ ਸਵੇਰੇ ਕਰੀਬ 4:30 ਵਜੇ ਘਰੋਂ ਆਪਣੇ ਸਾਈਕਲ ’ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਕਿਸੇ ਨਾਲ ਕੋਈ ਰੰਜਿਸ਼ ਆਦਿ ਹੋਣ ਦਾ ਵੀ ਜ਼ਿਕਰ ਨਹੀਂ ਕੀਤਾ।
ਤਿੰਨ ਦਿਨ ਪਹਿਲਾਂ ਗੁਆਚੇ ਨੌਜਵਾਨ ਦੀ ਲਾਸ਼ ਰਜਬਾਹੇ ’ਚੋਂ ਮਿਲੀ
ਦੋਦਾ (ਜਸਵੀਰ ਸਿੰਘ ਭੁੱਲਰ): ਪਿੰਡ ਧੂਲਕੋਟ ਤੋਂ ਰਾਜਪ੍ਰੀਤ ਸਿੰਘ (18) ਪੁੱਤਰ ਜਸਵਿੰਦਰ ਸਿੰਘ ਜੋ ਕੁਝ ਦਿਨ ਪਹਿਲਾਂ ਘਰੋਂ ਗੁੰਮ ਹੋ ਗਿਆ ਸੀ, ਦੀ ਲਾਸ਼ ਸ਼ੇਖ ਪਿੰਡ ਕੋਲ ਜੈਤੋ ਰਜਬਾਹੇ ਵਿਚੋਂ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਉਸਦੇ ਪਿਤਾ ਵੱਲੋਂ ਕੀਤੀ ਗਈ। ਐਸਐਚਓ ਕੋਟਭਾਈ ਅੰਗਰੇਜ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਪਿਤਾ ਦੇ ਬਿਆਨਾਂ ਦੇ ਅਧਾਰ ਉਤੇ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।