ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਦਿੱਲੀ ਦੇ ਗ੍ਰੈਟਰ ਕੈਲਾਸ਼ ਦੀ ਰਹਿਣ ਵਾਲੀ ਅਮਰਪ੍ਰੀਤ ਕੌਰ ਨੇ ਸਵੇਰੇ ਟਵਿੱਟਰ ਉਪਰ ਕਰੋਨਾ ਪੀੜਤ ਆਪਣੇ ਪਿਤਾ ਦੀ ਹਾਲਤ ਦਾ ਜ਼ਿਕਰ ਕਰਦੇ ਹੋਏ ਦਿੱਲੀ ਦੇ ਕੋਵਿਡ-19 ਲਈ ਸਮਰਪਿਤ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (ਐੱਲਐੱਨਜੇਪੀ) ਦੇ ਡਾਕਟਰਾਂ ’ਤੇ ਦਾਖ਼ਲ ਨਾ ਕਰਨ ਦਾ ਦੋਸ਼ ਲਾਇਆ। ਇਸ ਮਗਰੋਂ ਦਿੱਲੀ ਸਰਕਾਰ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਉੱਦੋਂ ਬਣ ਗਈ ਜਦੋਂ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨਹੀਂ ਰਹੇ। ਧੀ ਨੇ ਲਿਖਿਆ ਕਿ ਤੇਜ਼ ਬੁਖ਼ਾਰ ਤੇ ਸਾਹ ਲੈਣ ਦੀ ਪ੍ਰੇਸ਼ਾਨੀ ਕਾਰਨ ਆਪਣੇ ਪਿਤਾ ਨੂੰ ਐਲਐਨਜੇਪੀ ਦੇ ਬਾਹਰ ਹਸਪਤਾਲ ’ਚ ਤਬਦੀਲ ਕਰਨ ਲਈ ਖੜ੍ਹੀ ਹੈ। ਉਹ ਬਿਨਾਂ ਡਾਕਟਰੀ ਮਦਦ ਦੇ ਜ਼ਿੰਦਾ ਨਹੀਂ ਰਹਿ ਸਕਦੇ। ਇਕ ਘੰਟੇ ਮਗਰੋਂ ਉਸ ਨੇ ਦੁਬਾਰਾ ਟਵੀਟ ਕੀਤਾ, ‘ਉਹ ਹੁਣ ਨਹੀਂ ਰਹੇ। ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਦੀ ਨਿੰਦਾ ਕੀਤੀ। ਕੋਵਿਡ-19 ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ‘ਐਲਐਨਜੀਪੀ’ ਜਿੱਥੇ ਦਿੱਲੀ ਕਰੋਨਾ ਐੱਪ ਮੁਤਾਬਕ 1000 ਤੋਂ ਵੱਧ ਬਿਸਤਰੇ ਹਨ ਵੱਲੋਂ ਦੱਸਿਆ ਗਿਆ ਕਿ ਮਰੀਜ਼ ਮ੍ਰਿਤਕ ਲਿਆਂਦਾ ਗਿਆ ਸੀ। ਡਾਕਟਰਾਂ ਮੁਤਾਬਕ ਮਰੀਜ਼ ਨੂੰ ਮਨ੍ਹਾਂ ਨਹੀਂ ਕੀਤਾ ਗਿਆ ਪਰ ਗੰਗਾ ਰਾਮ ਹਸਪਤਾਲ ਵੱਲੋਂ ਉਸ ਨੂੰ ਘਰ ਵਿੱਚ ਇਕਾਂਤਵਾਸ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ 2 ਜੂਨ ਨੂੰ ਉਸ ਨੇ ਪਿਤਾ ਲਈ ਮਦਦ ਮੰਗੀ ਸੀ ਤਾਂ ‘ਆਪ’ ਵਿਧਾਇਕ ਦਲੀਪ ਪਾਂਡੇ ਨੇ ਮਦਦ ਕੀਤੀ ਸੀ ਤੇ ਅਮਰਪ੍ਰੀਤ ਨੇ ਤੁਰੰਤ ਕਾਰਵਾਈ ਲਈ ਵਿਧਾਇਕ ਦਾ ਧੰਨਵਾਦ ਕੀਤਾ ਸੀ।
ਮੈਡੀਕਲ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਈ-ਪਾਸ ਨਾਲ ਦਾਖ਼ਲਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ’ਚ ਦਿੱਲੀ ਸਰਕਾਰ ਵੱਲੋਂ ਦੱਸਿਆ ਗਿਆ ਕਿ ਕੋਵਿਡ-19 ਦੌਰਾਨ ਉਨ੍ਹਾਂ ਲੋਕਾਂ ਨੂੰ ਈ-ਪਾਸ ਰਾਹੀਂ ਦਿੱਲੀ ਆਉਣ ਦੀ ਆਗਿਆ ਹੈ ਜਿਨ੍ਹਾਂ ਨੂੰ ਡਾਕਟਰੀ ਸੇਵਾਵਾਂ ਦੀ ਲੋੜ ਹੋਵੇ। ਸਰਕਾਰ ਵੱਲੋਂ ਦੱਸਿਆ ਗਿਆ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ 1 ਜੂਨ ਨੂੰ ਜਾਰੀ ਹਦਾਇਤਾਂ ਮੁਤਾਬਕ ਡਾਕਟਰੀ ਐਮਰਜੈਂਸੀ ਵਾਲੇ ਲੋਕਾਂ ਨੂੰ ਈ-ਪਾਸ ਨਾਲ ਰਾਜਧਾਨੀ ’ਚ ਦਾਖ਼ਲੇ ਦੀ ਆਗਿਆ ਹੋਵੇਗੀ। ਚੀਫ਼ ਜਸਟਿਸ ਡੀਐਨ ਪਟੇਲ ਤੇ ਜਸਟਿਸ ਪ੍ਰਤੀਕ ਜਲਾਨ ਦੇ ਬੈਂਚ ਅੱਗੇ ਵੀਡੀਓ ਕਾਨਫਰੰਸਿੰਗ ਦੌਰਾਨ ਦਿੱਲੀ ਸਰਕਾਰ ਵੱਲੋਂ ਪੇਸ਼ ਵਕੀਲ ਸੰਜੇ ਘੋਸ਼ ਨੇ ਇਹ ਜਾਣਕਾਰੀ ਦਿੱਤੀ। ਅਦਾਲਤ ਨੇ ਦਿੱਲੀ ਦੀਆਂ ਹੱਦਾਂ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਦੇ ਵਿਰੁੱਧ ਪਾਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਸੂਬਾ ਸਰਕਾਰ ਨੂੰ ਕਿਹਾ ਕਿ ਉਹ 1 ਜੂਨ ਦੇ ਜਾਰੀ ਨੋਟਿਸ ਨੂੰ ਵੱਖ-ਵੱਖ ਵੈੱਬਸਾਈਟਾਂ ਉਪਰ ਨਸ਼ਰ ਕਰੇ ਤਾਂ ਜੋ ਨਾਗਰਿਕਾਂ ਨੂੰ ਜਾਣਕਾਰੀ ਮਿਲ ਸਕੇ। ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਵਾਧੇ ਕਾਰਨ ਕੇਜਰੀਵਾਲ ਸਰਕਾਰ ਨੇ ਹੱਦਾਂ ਬੰਦ ਕੀਤੀਆਂ ਸਨ।