ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੁਲਾਈ
ਮਲੇਸ਼ੀਆ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਰਹਿਣ ਕਾਰਨ ਹੋਈ ਸਜ਼ਾ ਪੂਰੀ ਕਰਨ ਤੋਂ ਬਾਅਦ ਕੈਂਪਾਂ ਵਿਚ ਫਸੇ ਲਗਪਗ 219 ਭਾਰਤੀ ਨੌਜਵਾਨ ਮਲੇਸ਼ੀਆ ਦੀ ਹਵਾਈ ਕੰਪਨੀ ਦੇ ਵਿਸ਼ੇਸ਼ ਜਹਾਜ਼ ਰਾਹੀਂ ਸਥਾਨਕ ਹਵਾਈ ਅੱਡੇ ’ਤੇ ਪੁੱਜ ਗਏ ਹਨ। ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦਾਅਵਾ ਕੀਤਾ ਕਿ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਇਹ ਨੌਜਵਾਨ ਘਰ ਪਰਤੇ ਹਨ।
ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਮਾਮਲਾ ਮਲੇਸ਼ਿਆਈ ਕਮਿਸ਼ਨਰ ਤੋਂ ਇਲਾਵਾ ਵਿਦੇਸ਼ ਮੰਤਰੀ ਕੋਲ ਚੁੱਕਿਆ ਗਿਆ ਸੀ। ਜਿਸ ਤੋਂ ਬਾਅਦ ਉੱਥੇ ਫਸੇ ਹੋਏ 350 ਨੌਜਵਾਨਾਂ ਨੂੰ ਵਾਪਸ ਭੇਜਣ ਲਈ ਸਹਿਮਤੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਬਾਦਲ ਦੇ ਦਖ਼ਲ ਸਦਕਾ ਇਹ ਨੌਜਵਾਨ ਘਰ ਪਰਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਾਰਾ ਖ਼ਰਚਾ ਕੇਂਦਰ ਸਰਕਾਰ ਨੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਪਿੰਡ ਬਾਦਲ ਵਿਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮਲੇਸ਼ੀਅਨ ਹੈਲਪਿੰਗ ਹੈਂਡਜ਼ ਐਨਜੀਓ ਵਲੋਂ ਇਹ ਮਾਮਲਾ ਯੂਥ ਅਕਾਲੀ ਦਲ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਸੀ ਕਿ ਵਧੇਰੇ ਨੌਜਵਾਨ ਗ਼ੈਰਕਾਨੂੰਨੀ ਤੌਰ ’ਤੇ ਰਹਿਣ ਕਾਰਨ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਇਨ੍ਹਾਂ ਨੌਜਵਾਨਾਂ ਨਾਲ ਟਰੈਵਲ ਏਜੰਟਾਂ ਨੇ ਠੱਗੀ ਮਾਰੀ ਸੀ। ਉਨ੍ਹਾਂ ਨਾਲ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਸੀ। ਮਲੇਸ਼ੀਆ ਵਿਚ ਵੀਜ਼ੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਹ ਨੌਜਵਾਨ ਆਪਣਾ ਖ਼ਰਚ ਆਪ ਚੁੱਕ ਰਹੇ ਸਨ ਅਤੇ ਇਸ ਵੇਲੇ ਕਰੋਨਾ ਮਹਾਮਾਰੀ ਦੌਰਾਨ ਕੈਂਪਾਂ ਵਿਚ ਫਸੇ ਹੋਏ ਸਨ।
ਨੌਜਵਾਨਾਂ ਨੂੰ ਇਕਾਂਤਵਾਸ ਕੇਂਦਰਾਂ ’ਚ ਭੇਜਿਆ
ਅੰਮ੍ਰਿਤਸਰ: ਮਲੇਸ਼ੀਆ ਤੋਂ ਪਰਤੇ 219 ਭਾਰਤੀ ਨੌਜਵਾਨਾਂ ਵਿਚ 115 ਜਣੇ ਵੱਖ-ਵੱਖ ਸੂਬਿਆਂ ਤੋਂ ਅਤੇ 104 ਪੰਜਾਬ ਨਾਲ ਸਬੰਧਿਤ ਹਨ। ਇਨ੍ਹਾਂ ਦੀ ਸਿਹਤ ਦੀ ਜਾਂਚ ਅਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਇਕਾਂਤਵਾਸ ’ਚ ਰੱਖਣ ਵਾਸਤੇ ਭੇਜ ਦਿੱਤਾ ਗਿਆ ਹੈ ਜਦੋਂਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਫ਼ਿਲਹਾਲ ਬਠਿੰਡਾ ਭੇਜਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਹੀ ਵੱਖ-ਵੱਖ ਵਾਹਨਾਂ ’ਚ ਬਿਠਾ ਦਿੱਤਾ ਗਿਆ।