ਡਾ. ਪ੍ਰਦੀਪ ਕੌੜਾ
ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ ਦੀ ਇਕ ਸਾਂਝੀ ਫਿਤਰਤ ਹੈ ਕਿ ਕਦੇ ਐਨਕ ਘਰ ਰਹਿ ਜਾਂਦੀ ਹੈ, ਕਦੇ ਮੋਬਾਈਲ ਚੁੱਕਣ ਲਈ ਰਸਤੇ ’ਚੋਂ ਵਾਪਸ ਆਉਣਾ ਪੈਂਦਾ ਹੈ ਅਤੇ ਕਦੇ ਪੈੱਨ, ਰੁਮਾਲ ਜਾਂ ਬਟੂਆ ਘਰ ਭੁੱਲ ਜਾਂਦੇ ਹਾਂ। ਇਹ ਸਿਰਫ਼ ਮੇਰੇ ਨਾਲ ਹੀ ਨਹੀਂ ਸਗੋਂ ਹਰ ਉਸ ਸ਼ਖ਼ਸ ਨਾਲ ਵਾਪਰਦਾ ਹੈ ਜਿਹੜਾ ਸਵੇਰੇ ਦਫ਼ਤਰ ਜਾਣ ਲਈ ਕਾਹਲੀ ਵਿਚ ਤਿਆਰ ਹੁੰਦਾ ਹੈ। ਇਕ ਦਿਨ ਮੈਂ ਇਸ ਦਾ ਇਹ ਹੱਲ ਕੱਢਿਆ ਕਿ ਦਫ਼ਤਰ ਜਾਣ ਲਈ ਜ਼ਰੂਰੀ ਚੀਜ਼ਾਂ ਦੀ ਗਿਣਤੀ ਕੀਤੀ ਜੋ ਕਿ ਪੰਜ ਸੀ। ਉਸ ਤੋਂ ਬਾਅਦ ਮੈਂ ਜਦੋਂ ਵੀ ਘਰੋਂ ਜਾਣਾ ਹੁੰਦਾ ਹੈ ਤਾਂ ਇਨ੍ਹਾਂ ਪੰਜ ਚੀਜ਼ਾਂ ਦੀ ਗਿਣਤੀ ਕਰ ਲੈਂਦਾ ਹਾਂ। ਹੌਲੀ-ਹੌਲੀ ਇਹ ਪ੍ਰਕਿਰਿਆ ਮੇਰੇ ਅਵਚੇਤਨ ਵਿਚ ਸਮਾ ਗਈ ਅਤੇ ਹੁਣ ਕਦੇ ਵੀ ਘਰੋਂ ਬਾਹਰ ਜਾਣ ਵੇਲੇ ਆਪਮੁਹਾਰੇ ਹੀ ਹੱਥ ਇਨ੍ਹਾਂ ਪੰਜ ਚੀਜ਼ਾਂ ਨੂੰ ਟੋਹ ਕੇ ਜਾਚ ਲੈਂਦੇ ਹਨ ਕਿ ਕੁਝ ਭੁੱਲਿਆ ਤਾਂ ਨਹੀਂ।
ਅਜੋਕਾ ਸਮਾਂ ਕਰੋਨਾ ਦਾ ਦੌਰ ਹੈ। ਸਾਰਾ ਆਲਾ-ਦੁਆਲਾ ਬਦਲਿਆ-ਬਦਲਿਆ ਹੋਇਆ ਹੈ। ਸਕੂਲ, ਕਾਲਜ, ਫੈਕਟਰੀਆਂ ਬੰਦ ਪਈਆਂ ਹਨ। ਕੰਮ ਕਰਨ ਦੇ ਤੌਰ-ਤਰੀਕੇ ਬਦਲ ਰਹੇ ਹਨ। ਹੁਣ ਘਰ ਹੀ ਦਫ਼ਤਰ ਹੋ ਗਿਆ ਹੈ। ਬੈੱਡਰੂਮ ਵਿਚ ਕਿਤਾਬਾਂ ਦੀ ਥਾਂ ਲੈਪਟੌਪ ਨੇ ਲੈ ਲਈ ਹੈ। ਮੀਟਿੰਗ ਵਿਚ ਲੰਚ ਚਲਦਾ ਰਹਿੰਦਾ ਹੈ ਅਤੇ ਚਾਹ ਵਿਚ ਮੀਟਿੰਗ। ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਸਮਾਂ ਤੁਹਾਡੇ ਕੰਮਕਾਜ ਦਾ ਹੈ ਅਤੇ ਕਿਹੜਾ ਘਰੇਲੂ ਦਿਨ-ਚਰਿਆ ਵਿਚ ਵਿਚਰਨ ਦਾ। ਸਾਰਾ ਕੁਝ ਇਕ-ਦੂਜੇ ਵਿਚ ਰਲਗੱਡ ਹੋ ਚੁੱਕਾ ਹੈ। ਸਵੇਰੇ-ਸ਼ਾਮ ਘਰੋਂ ਬਾਹਰ ਨਹੀਂ ਨਿਕਲ ਸਕਦਾ ਅਤੇ ਦੁਪਹਿਰ ਵੇਲੇ ਕੰਮਕਾਜ ਨਾਲ ਸੰਬੰਧਿਤ ਮੀਟਿੰਗਾਂ ਚੱਲਦੀਆਂ ਹਨ। ਅਜਿਹੇ ਵਿਚ ਪੁਰਾਣੀਆਂ ਆਦਤਾਂ ਹੌਲੀ-ਹੌਲੀ ਛੁੱਟਦੀਆਂ ਜਾ ਰਹੀਆਂ ਹਨ, ਪਰ ਹਾਲੇ ਵੀ ਘਰੋਂ ਬਾਹਰ ਨਿਕਲਣ ਵੇਲੇ ਪੰਜ ਚੀਜ਼ਾਂ ਗਿਣਨ ਦੀ ਆਦਤ ਗਈ ਨਹੀਂ।
ਕੁਝ ਦਿਨ ਪਹਿਲਾਂ ਮੈਂ ਘਰੋਂ ਬਾਜ਼ਾਰ ਜਾਣ ਲਈ ਨਿਕਲਿਆ ਤਾਂ ਆਦਤ ਮੂਜਬ ਇਹ ਪੰਜ ਚੀਜ਼ਾਂ ਚੈੱਕ ਕਰਕੇ ਨਿਸ਼ਚਿੰਤ ਹੋ ਕੇ ਐਕਟਿਵਾ ’ਤੇ ਸਵਾਰ ਹੋ ਗਿਆ। ਅਜੇ ਘਰੋਂ ਨਿਕਲ ਕੇ ਤਿੰਨਕੋਣੀ ਚੌਕ ਤੱਕ ਹੀ ਪਹੁੰਚਿਆ ਸੀ ਕਿ ਪੁਲੀਸ ਨਾਕੇ ’ਤੇ ਤਾਇਨਾਤ ਕਾਂਸਟੇਬਲ ਨੇ ਮੈਨੂੰ ਡੰਡੇ ਨਾਲ ਰੁਕਣ ਦਾ ਇਸ਼ਾਰਾ ਕੀਤਾ। ਮੈਂ ਐਕਟਿਵਾ ਇਕ ਪਾਸੇ ਲਗਾ ਕੇ, ਇਕ ਪਾਸੇ ਦਰੱਖਤ ਦੀ ਛਾਂ ਹੇਠ ਕੁਰਸੀਆਂ ਡਾਹੀ ਬੈਠੇ ਤਿੰਨ-ਚਾਰ ਪੁਲੀਸ ਮੁਲਾਜ਼ਮਾਂ ਕੋਲ ਐਕਟਿਵਾ ਦੇ ਕਾਗਜ਼ ਚੈੱਕ ਕਰਵਾਉਣ ਚਲਾ ਗਿਆ। ਪਰ ਮੇਰੇ ਕਾਗਜ਼-ਪੱਤਰ ਚੈੱਕ ਕੀਤੇ ਬਿਨਾਂ ਹੀ ਇਕ ਪੁਲੀਸ ਮੁਲਾਜ਼ਮ ਨੇ ਪੰਜ ਸੌ ਰੁਪਏ ਦੀ ਪਰਚੀ ਅਤੇ ਇਕ ਕਾਲੇ ਰੰਗ ਦਾ ਮਾਸਕ ਮੇਰੇ ਹੱਥ ’ਤੇ ਰੱਖ ਦਿੱਤਾ ਅਤੇ ਕਹਿਣ ਲੱਗਾ, ‘‘ਬਾਊ ਜੀ, ਪੰਜ ਸੌ ਦਿਓ।’’ ‘‘ਮੇਰੇ ਕੋਲ ਐਕਟਿਵਾ ਦੇ ਸਾਰੇ ਕਾਗਜ਼ ਬਿਲਕੁਲ ਪੂਰੇ ਹਨ,’’ ਮੈਂ ਹੈਰਾਨ ਹੋ ਕੇ ਕਿਹਾ। ‘‘ਬਾਊ ਜੀ, ਇਹ ਚਾਲਾਨ ਐਕਟਿਵਾ ਦੇ ਕਾਗਜ਼ਾਂ ਦਾ ਨਹੀਂ ਸਗੋਂ ਇਸ ਕਰਕੇ ਹੈ ਕਿ ਤੁਸੀਂ ਮਾਸਕ ਨਹੀਂ ਪਹਿਨਿਆ। ਉਂਜ ਕਮਾਲ ਹੈ ਬਾਊ, ਥੋਡੇ ਵਰਗੇ ਪੜ੍ਹੇ-ਲਿਖਿਆਂ ਦੀ ਵੀ, ਜੇਕਰ ਥੋਨੂੰ ਵੀ ਚਾਲਾਨ ਕੱਟ-ਕੱਟ ਕੇ ਸਮਝਾਉਣਾ ਪਊ ਤਾਂ ਆਮ ਅਨਪੜ੍ਹ ਜਨਤਾ ਦਾ ਕੀ ਬਣੂੰ?’’ ਨਾਲ ਬੈਠੇ ਦੂਜੇ ਪੁਲੀਸ ਮੁਲਾਜ਼ਮ ਨੇ ਮੇਰੇ ’ਤੇ ਟਕੋਰ ਕੀਤੀ। ਬਿਨਾਂ ਕੁਝ ਬੋਲਿਆਂ ਮੈਂ ਪੰਜ ਸੌ ਰੁਪਏ ਦੇ ਕੇ, ਪਰਚੀ ਅਤੇ ਮਾਸਕ ਫੜ ਲਿਆ।
‘ਮਨਾਂ, ਘਰੋਂ ਨਿਕਲਣ ਲੱਗਿਆ ਹੁਣ ਪੰਜ ਨਹੀਂ, ਛੇ ਚੀਜ਼ਾਂ ਚੈੱਕ ਕਰਿਆ ਕਰ, ਛੇਵੀਂ ਚੀਜ਼ ‘ਮਾਸਕ’ ਵੀ।’ ਬੁੜਬੁੜਾਉਂਦਾ ਹੋਇਆ ਮੈਂ ਐਕਟਿਵਾ ’ਤੇ ਬੈਠ ਕੇ ਬਾਜ਼ਾਰ ਵੱਲ ਨੂੰ ਹੋ ਤੁਰਿਆ।
ਸੰਪਰਕ: 95011-15200