ਬੀਰਬਲ ਰਿਸ਼ੀ
ਸ਼ੇਰਪੁਰ, 18 ਜੂਨ
ਇੱਥੇ ਅੱਜ ਮਜ਼ਦੂਰ ਪਰਿਵਾਰ ਨਾਲ ਸਬੰਧਤ ਪਿੰਡ ਬਾਦਸ਼ਾਹਪੁਰ ਦਾ ਸਾਬਕਾ ਸਰਪੰਚ ਰਾਮਸਰੂਪ ਸਿੰਘ ਸਵੇਰ 8 ਵਜੇ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ’ਤੇ ਜਾ ਚੜ੍ਹਿਆ। ਸਰਪੰਚ ਦਾ ਦੋਸ਼ ਸੀ ਕਿ ਪਿਛਲੇ ਦਿਨੀਂ ਕਥਿਤ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਾਮ ਹੇਠ ਪੰਚਾਇਤ ਵਿਭਾਗ ਨੇ 34 ਮਜ਼ਦੂਰਾਂ ਲਈ ਕੱਟੇ ਗਏ ਪਲਾਟਾਂ ਵਿੱਚ ਜੇਸੀਬੀ ਨਾਲ ਮਿੱਟੀ ਪੁੱਟ ਦਿੱਤੀ। ਉਸ ਦੀ ਮੰਗੀ ਸੀ ਕਿ ਜੇਸੀਬੀ ਨਾਲ ਪੁੱਟੀ ਗਈ ਮਿੱਟੀ ਮੁੜ ਪਵਾਈ ਜਾਵੇ। ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਇਲਾਕੇ ਵਿੱਚ ਸਾਬਕਾ ਸਰਪੰਚ ਰਾਮਸਰੂਪ ਵੱਲੋਂ ਟੈਂਕੀ ’ਤੇ ਚੜ੍ਹ ਜਾਣ ਦੀ ਖ਼ਬਰ ਕੁੱਝ ਸਮੇਂ ਵਿੱਚ ਹੀ ਪੂਰੇ ਇਲਾਕੇ ’ਚ ਫੈਲ ਗਈ। ਖ਼ਬਰ ਮਿਲਦੇ ਹੀ ਨਾਇਬ ਤਹਿਸ਼ੀਲਦਾਰ ਸਤਗੁਰ ਸਿੰਘ, ਐੱਸਐੱਚਓ ਯਾਦਵਿੰਦਰ ਸਿੰਘ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸ਼ਾਮ 5 ਵਜੇ ਸਾਬਕਾ ਸਰਪੰਚ ਨੂੰ ਟੈਂਕੀ ਤੋਂ ਉਤਾਰਨ ਲਈ ਪੁੱਜੇ। ਦੋ ਘੰਟੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਾਬਕਾ ਸਰਪੰਚ ਵਿਚਾਲੇ ਸਾਲਸੀ ਦੀ ਭੂਮਿਕਾ ਅਦਾ ਕਰਦਿਆਂ ਐਡਵੋਕੇਟ ਜਸਵੀਰ ਸਿੰਘ ਨੇ ਸ਼ਾਮ 7 ਵਜੇ ਤੱਕ ਦੋਵੇਂ ਧਿਰਾਂ ਨੂੰ ਨੇੜੇ ਲਗਾਇਆ। ਸਾਬਕਾ ਸਰਪੰਚ ਰਾਮਸਰੂਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁੱਝ ਦਿਨ ਪਹਿਲਾਂ ਦਲਿਤਾਂ ਦੇ ਪਲਾਟਾਂ ਵਾਲੀ ਜਗ੍ਹਾ ’ਤੇ ਪੰਚਾਇਤ ਨੇ ਜੇਸੀਬੀ ਮਸ਼ੀਨ ਚਲਾ ਦਿੱਤੀ ਸੀ ਪਰ ਦੁਬਾਰਾ ਨਹੀਂ ਪਵਾਈ। ਉਸ ਨੇ ਕਿਹਾ ਕਿ ਉਹ ਇਸ ਸਬੰਧੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਲਿਖ਼ਤੀ ਦਰਖਾਸਤਾਂ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਮੌਜੂਦਾ ਸਰਪੰਚ ਕੁਲਵੰਤ ਕੌਰ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਉਨ੍ਹਾਂ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਨੂੰ ਅਮਲੀਰੂਪ ਵਿੱਚ ਲਾਗੂ ਕੀਤਾ ਹੈ ਅਤੇ ਜਿੱਥੇ ਕਿਤੇ ਮਿਣਤੀ ਮਗਰੋਂ ਦਲਿਤਾਂ ਦੇ ਕਿਸੇ ਪਲਾਟ ’ਚੋਂ ਪੰਚਾਇਤ ਨੇ ਮਿੱਟੀ ਪੁੱਟੀ ਹੋਵੇਗੀ ਉਹ ਪਵਾ ਕੇ ਦੇਣ ਲਈ ਤਿਆਰ ਹਨ। ਅਖੀਰ ਰੱਖੀਆਂ ਮੰਗਾਂ ਮੰਨੇ ਜਾਣ ’ਤੇ ਤਕਰੀਬਨ 11 ਘੰਟਿਆਂ ਮਗਰੋਂ ਸ਼ਾਮ 7 ਵਜੇ ਸਾਬਕਾ ਸਰਪੰਚ ਰਾਮਸਰੂਪ ਟੈਂਕੀ ਤੋਂ ਹੇਠਾਂ ਉਤਰ ਆਇਆ, ਜਿਸ ਮਗਰੋਂ ਪ੍ਰਸ਼ਾਸਨ ਨੇ ਸੁੱਖ ਦਾ ਸ਼ਾਹ ਲਿਆ। ਸਾਬਕਾ ਸਰਪੰਚ ਦੇ ਧੜੇ ਨੇ ਇਸ ਨੂੰ ਜਿੱਤ ਦੱਸਿਆ।