ਲਖਨਊ: ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪਿਛਲੇ ਸਾਲ ਦਸੰਬਰ ’ਚ ਪ੍ਰਦਰਸ਼ਨਾਂ ਦੌਰਾਨ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਅਮਲ ਲਖਨਊ ਜ਼ਿਲ੍ਹਾ ਪ੍ਰਸ਼ਾਸਨ ਨੇ ਆਰੰਭ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਹਸਨਗੰਜ ਇਲਾਕੇ ’ਚ ਕੱਪੜੇ ਦੀ ਦੁਕਾਨ ਅਤੇ ਕਬਾੜ ਦੇ ਸਟੋਰ ਨੂੰ ਜ਼ਬਤ ਕਰ ਲਿਆ। ਤਹਿਸੀਲਦਾਰ ਸ਼ੰਭੂ ਸ਼ਰਨ ਸਿੰਘ ਨੇ ਦੱਸਿਆ ਕਿ ਚਾਰ ਪੁਲੀਸ ਸਟੇਸ਼ਨਾਂ ’ਚ ਐੱਫਆਈਆਰ ਦਰਜ ਹੋਈਆਂ ਸਨ ਅਤੇ ਨੁਕਸਾਨ ਦੀ ਭਰਪਾਈ ਲਈ 54 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਉਸ ਨੇ ਕਿਹਾ ਕਿ ਹਸਨਗੰਜ ਇਲਾਕੇ ’ਚ ਦੋ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਇਹ ਅਮਲ ਅੱਗੇ ਵੀ ਜਾਰੀ ਰਹੇਗਾ। ਪ੍ਰਸ਼ਾਸਨ ਨੇ 50 ਤੋਂ ਵੱਧ ਵਿਅਕਤੀਆਂ ਨੂੰ 1.55 ਕਰੋੜ ਰੁਪਏ ਦੀ ਵਸੂਲੀ ਲਈ ਨੋਟਿਸ ਭੇਜੇ ਸਨ। -ਪੀਟੀਆਈ