ਨਵੀਂ ਦਿੱਲੀ, 13 ਜੁਲਾਈ
ਰਾਜਸਥਾਨ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਆਮਦਨ ਕਰ ਵਿਭਾਗ ਨੇ ਟੈਕਸ ਧੋਖਾਧੜੀ ਨਾਲ ਸਬੰਧਤ ਕੇਸ ਵਿੱਚ ਰਾਜਸਥਾਨ ਅਧਾਰਿਤ ਪਣਬਿਜਲੀ ਇਨਫਰਾਸਟ੍ਰਕਚਰ ਕੰਪਨੀ ਤੇ ਊਸ ਨਾਲ ਜੁੜੇ ਕੁਝ ਹੋਰਨਾਂ ਕਾਰੋਬਾਰੀ ਸਮੂਹਾਂ ਦੇ ਦਿੱਲੀ ਤੇ ਜੈਪੁਰ ਸਮੇਤ ਚਾਰ ਸ਼ਹਿਰਾਂ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦੋ ਨੇੜਲੇ ਸਾਥੀਆਂ ਰਾਜੀਵ ਅਰੋੜਾ ਤੇ ਧਰਮਿੰਦਰ ਰਾਠੌਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਰਾਜੀਵ ਅਰੋੜਾ ਕਾਂਗਰਸ ਦੀ ਰਾਜਸਥਾਨ ਇਕਾਈ ਦਾ ਉਪ ਪ੍ਰਧਾਨ ਹੈ ਤੇ ਉਹਦਾ ਰਾਜਸਥਾਨ ਵਿੱਚ ਜਿਊਲਰੀ ਦਾ ਕਾਰੋਬਾਰ ਹੈ। ਉਧਰ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਇਨ੍ਹਾਂ ਛਾਪਿਆਂ ਲਈ ਭਾਜਪਾ ਨੂੰ ਭੰਡਦਿਆਂ ਕਿਹਾ, ‘ਆਈਟੀ (ਆਮਦਨ ਕਰ ਵਿਭਾਗ), ਈਡੀ (ਐੱਨਫੋਰਸਮੈਂਟ ਡਾਇਰੈਕਟੋਰੇਟ) ਤੇ ਸੀਬੀਆਈ ਭਾਜਪਾ ਦੇ ਮੂਹਰਲੇ ਵਿਭਾਗ ਹਨ….ਪਰ ਇਨ੍ਹਾਂ ਛਾਪਿਆਂ ਨਾਲ ਰਾਜਸਥਾਨ ਸਰਕਾਰ ਦਾ ਤਖ਼ਤਾ ਨਹੀਂ ਪਲਟਣਾ।’