ਲਖਵੀਰ ਸਿੰਘ ਚੀਮਾ
ਟੱਲੇਵਾਲ, 19 ਜੂਨ
ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਬੀਹਲਾ ਵਿਖੇ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਕਿਸਾਨ ਦੀ 100 ਏਕੜ ਰਕਬੇ ’ਚ ਬੀਜੀ ਜਾਣ ਵਾਲੀ ਝੋਨੇ ਦੀ ਪਨੀਰੀ ਸਪਰੇਅ ਕਰਕੇ ਮਚਾ ਦਿੱਤੀ ਜਿਸ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਨੇ ਦੱਸਿਆ ਕਿ ਉਸ ਵੱਲੋਂ 100 ਏਕੜ ’ਚ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਐਤਕੀਂ ਮਜ਼ਦੂਰਾਂ ਦੀ ਘਾਟ ਕਾਰਨ ਉਸ ਵਲੋਂ ਮਸ਼ੀਨ ਨਾਲ ਝੋਨਾ ਲਗਾਇਆ ਜਾਣਾ ਹੈ ਜਿਸ ਲਈ ਉਸ ਨੇ 1 ਏਕੜ ਰਕਬੇ ’ਚ ਸਪੈਸ਼ਲ ਮਸ਼ੀਨ ਵਾਲੀ ਪਨੀਰੀ ਬੜੀ ਮਿਹਨਤ ਨਾਲ ਲਗਾਈ ਸੀ। ਸ਼ਾਮ ਨੂੰ ਉਹ ਇਸ ਪਨੀਰੀ ਨੂੰ ਪਾਣੀ ਲਗਾ ਕੇ ਘਰ ਗਿਆ ਸੀ। ਸਵੇਰੇ ਕਿਸੇ ਗੁਆਢੀਂ ਨੇ ਪਨੀਰੀ ਦਾ ਨੁਕਸਾਨ ਹੋਣ ਦੀ ਸੂਚਨਾ ਦਿੱਤੀ। ਜਦੋਂ ਖੇਤ ਆ ਕੇ ਦੇਖਿਆ ਤਾਂ ਪਨੀਰੀ ਮਚੀ ਹੋਈ ਸੀ। ਉਸ ਨੇ ਦੱਸਿਆ ਕਿ ਪਨੀਰੀ ਦੇ ਮੱਚਣ ਤੋਂ ਪਤਾ ਲੱਗਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਸਪਰੇਅ ਕਰਕੇ ਪਨੀਰੀ ਮਚਾਈ ਹੈ। ਇਸ ਸਪਰੇਅ ਨਾਲ 90 ਫ਼ੀਸਦੀ ਦੇ ਕਰੀਬ ਪਨੀਰੀ ਬਿਲਕੁਲ ਸੁੱਕ ਗਈ ਜਿਸ ਪਾਸੇ ਸਪਰੇਅ ਜ਼ਿਆਦਾ ਕੀਤੀ ਗਈ ਹੈ, ਉਸ ਪਾਸੇ ਤਾਂ ਪਨੀਰੀ ਬਿਲਕੁਲ ਖ਼ਤਮ ਹੋ ਚੁੱਕੀ ਹੈ। ਸਿਰਫ਼ 5-7 ਏਕੜ ’ਚ ਲਗਾਉਣ ਲਈ ਹੀ ਪਨੀਰੀ ਬਚੀ ਹੈ। ਕਿਸਾਨ ਨੇ ਦੱਸਿਆ ਕਿ ਬੜੀ ਮਿਹਨਤ ਨਾਲ ਇਹ ਪਨੀਰੀ ਤਿਆਰ ਕੀਤੀ ਗਈ ਸੀ। ਪਨੀਰੀ ਮੱਚਣ ਨਾਲ ਉਸ ਦਾ ਕਰੀਬ 75 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਸਮਾਜ ਸੇਵੀ ਐਨਆਰਆਈ ਦਵਿੰਦਰ ਸਿੰਘ ਬੀਹਲਾ ਅਤੇ ਪੰਚ ਬਲਜੀਤ ਸਿੰਘ ਨੇ ਕਿਸਾਨ ਨੂੰ ਝੋਨਾ ਲਗਾਉਣ ਲਈ ਪਿੰਡ ਦੇ ਕਿਸਾਨਾਂ ਵੱਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਜਿਸ ਸ਼ਰਾਰਤੀ ਅਨਸਰ ਨੇ ਸਪਰੇਅ ਕਰਕੇ ਪਨੀਰੀ ਮਚਾਈ ਹੈ, ਉਸ ਬਾਰੇ ਦੱਸਣ ਵਾਲੇ ਵਿਅਕਤੀ ਨੂੰ 25 ਹਜ਼ਾਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸ਼ਰਾਰਤੀ ਅਨਸਰ ਦੀ ਭਾਲ ਕੀਤੀ ਜਾ ਰਹੀ ਹੈ।