ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 23 ਜੁਲਾਈ
ਆਦਰਸ਼ ਨਗਰ ਵਿੱਚ ਗਲੀ ’ਚ ਪਾਇਆ ਨਵਾਂ ਸੀਵਰੇਜ ਮੁਹੱਲਾ ਵਾਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ। ਮੁਹੱਲਾ ਵਾਸੀ ਨੰਦ ਸਿੰਘ ਨੇ ਕਿਹਾ ਕਿ ਕੱਚੀ ਗਲੀ ਵਿੱਚ ਪਿਛਲੇ 6 ਮਹੀਨਿਆਂ ਤੋਂ ਸਬੰਧਤ ਠੇਕੇਦਾਰ ਵੱਲੋਂ ਸੀਵਰੇਜ ਦੀਆ ਪਾਈਪਾਂ ਪਾਈਆਂ ਸਨ ਪਰ ਕੰਮ ਅਧੂਰਾ ਛੱਡਣ ਕਾਰਨ ਗਲੀ ਵਾਸੀਆਂ ਦਾ ਆਉਣਾ-ਜਾਣਾ ਮੁਸ਼ਕਲ ਹੋਇਆ ਪਿਆ ਹੈ। ਬੀਤੇ ਦਿਨੀਂ ਪਈ ਬਰਸਾਤ ਕਾਰਨ ਗਲੀ ਵਿੱਚ ਥਾਂ-ਥਾਂ ਡੂੰਘੇ ਟੋਏ ਪੈ ਗਏ ਤੇ ਸੀਵਰੇਜ ਓਵਰਫਲੋਅ ਹੋਣ ਨਾਲ ਖਾਲੀ ਪਲਾਟਾਂ ਵਿੱਚ ਪਾਣੀ ਭਰ ਗਿਆ।
ਗਲੀ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਗਲੀ ਨੂੰ ਪੱਕਾ ਕੀਤਾ ਜਾਵੇ ਅਤੇ ਸਬੰਧਤ ਠੇਕੇਦਾਰ ਵੱਲੋਂ ਕੀਤੇ ਕੰਮ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ ਮਿਸਤਰੀ ਤੇ ਬੱਬੂ ਸਿੰਘ ਹਾਜ਼ਰ ਸਨ।
ਸੀਵਰੇਜ ਦੇ ਪਾਣੀ ਕਾਰਨ ਲੋਕ ਔਖੇ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਦੇ ਸ਼ਹਿਰੀ ਅਬਾਦੀ ਤੇ ਬਜ਼ਾਰਾਂ ਵਿੱਚ ਸੀਵਰੇਜ ਦੇ ਪਾਣੀ ਦੀ ਮਾਰ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ। ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮੁਕਤਸਰ ਦੇ ਗਾਂਧੀ ਚੌਕ, ਘਾਹ ਮੰਡੀ, ਅਬੋਹਰ ਰੋਡ, ਬੈਂਕ ਰੋਡ, ਨਾਰੰਗ ਕਲੋਨੀ, ਬਾਵਾ ਕਲੋਨੀ ਤੇ ਥਾਂਦੇਵਾਲਾ ਰੋਡ ਦੀਆਂ ਗਲੀਆਂ ਸਣੇ ਸ਼ਹਿਰ ਦਾ ਬਹੁਤ ਹਿੱਸਾ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਹੈ, ਪਰ ਸਿਤਮ ਦੀ ਹੈ ਗੱਲ ਹੈ ਕਿ ਕਾਂਗਰਸ ਦੇ ਕਿਸੇ ਆਗੂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੰਧੂ ਨੇ ਕੋਟਲੀ ਰੋਡ ਖੇਤਰ ਦੇ ਮੀਂਹ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਵੱਲੋਂ ਲਗਾਈ ਗਈ ਮੋਟਰ ਦੋ ਮਹੀਨੇ ਪਹਿਲਾਂ ਚੁੱਕ ਲਈ ਗਈ ਸੀ ਤੇ ਮੁੜ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਲਈ।