ਲਖਵਿੰਦਰ ਸਿੰਘ
ਮਲੋਟ, 1 ਜੁਲਾਈ
ਕੈਂਪ ਏਰੀਏ ‘ਚ ਵੱਖ ਵੱਖ ਥਾਵਾਂ ‘ਤੇ ਰਹਿੰਦੇ ਦੋ ਨੌਜਵਾਨਾਂ ਦੀ ਜ਼ਹਿਰੀਲੀ ਚੀਜ਼ ਨਿਗਲਣ ਕਰਕੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਵਾਰਡ ਨੰ: 7 ਕੈਂਪ ਦੇ ਵਸਨੀਕ ਰੋਹਿਤ ਕੁਮਾਰ ਪੁੱਤਰ ਮਹਿੰਦਰ ਕੁਮਾਰ (27) ਵੱਲੋਂ ਘਰੇਲੂ ਝਗੜੇ ਦੇ ਚਲਦਿਆਂ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਇਲਾਜ ਲਈ ਤੁਰੰਤ ਜੁਨੇਜਾ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸਿਟੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਵਾਰਡ ਨੰ: 6 ਫਾਇਰ ਬ੍ਰਿਗੇਡ ਦੇ ਦਫਤਰ ਕੋਲ ਰਹਿੰਦੇ ਕੈਂਪ ਦੇ ਹੀ ਵਸਨੀਕ ਇੱਕ ਹੋਰ ਨੌਜਵਾਨ ਤੁਸ਼ਾਰ ਬਠਲਾ ਪੁੱਤਰ ਸੋਮ ਬਠਲਾ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ, ਖਬਰ ਲਿਖੇ ਜਾਣ ਤੱਕ ਪਰਿਵਾਰ ਵੱਲੋਂ ਤੁਸ਼ਾਰ ਦਾ ਮ੍ਰਿਤਕ ਸਰੀਰ ਮਲੋਟ ਪਹੁੰਚਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿੱਚ ਸਿਟੀ ਮਲੋਟ ਪੁਲੀਸ ਪੜਤਾਲ ਕਰ ਰਹੀ ਹੈ, ਕਿਉਂਕਿ ਤੁਸ਼ਾਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ।