ਬੀਰਬਲ ਰਿਸ਼ੀ
ਸ਼ੇਰਪੁਰ, 24 ਜੁਲਾਈ
ਪੰਜਾਬ ਸਰਕਾਰ ਵੱਲੋਂ 70, 137 ਅਯੋਗ ਬੁਢਾਪਾ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਵੱਲ 162.35 ਕਰੋੜ ਰੁਪਏ ਬਕਾਇਆ ਕੱਢ ਦੇਣ ਮਗਰੋਂ ਹੁਣ ਵਿੰਗ ਟੇਢ ਕਰਕੇ ਲਗਵਾਈਆਂ ਪੈਨਸ਼ਨਾਂ ਵਾਲਿਆਂ ਦੇ ਤਾਂ ਸਾਹ ਸੂਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ ਸੂਬੇ ’ਚ ਸਾਰੇ ਜ਼ਿਲ੍ਹਿਆਂ ਤੋਂ ਵੱਧ 12573 ਅਯੋਗ ਕੇਸ ਦੱਸੇ ਹਨ ਜਿਨ੍ਹਾਂ ਵੱਲ ਬਕਾਇਆ ਰਾਸ਼ੀ 26.63 ਕਰੋੜ ਰੁਪਏ ਨਿੱਕਲਦੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਿਵਲ ਪ੍ਰਸ਼ਾਸਨ ਨੂੰ ਇਹ ਭਿਣਕ ਵੀ ਪਈ ਹੈ ਕਿ ਪਿੰਡ ਘਨੌਰੀ ਕਲਾਂ ਵਿੱਚ ਅਜਿਹੇ ਕਈ ਕੇਸ ਹਨ ਜਿਨ੍ਹਾਂ ਦੀ ਪਿੰਡ ਵਿੱਚ ਜ਼ਮੀਨ ਤਾਂ ਨਹੀਂ ਪਰ ਉਹ ਨਾਲ ਲੱਗਦੇ ਪਿੰਡ ਦੇ ਖੇਵਟਦਾਰ ਹਨ ਤੇ ਚੰਗੀਆਂ ਚੋਖੀਆਂ ਜ਼ਮੀਨਾਂ ਦੇ ਮਾਲਕ ਹਨ।
ਕਈ-ਕਈ ਸਾਲ ਪਹਿਲਾਂ ਕੁਝ ਲਾਭਪਾਤਰੀਆਂ ਨੇ ਕਥਿਤ ਪੈਨਸ਼ਨ ਲੈਣ ਲਈ ਪਿੰਡ ਘਨੌਰੀ ਕਲਾਂ ਦੇ ਪਟਵਾਰੀਆਂ ਤੋਂ ‘ਇਸ ਪਰਿਵਾਰ ਪਾਸ ਕੋਈ ਵੀ ਜ਼ਮੀਨ ਨਹੀਂ ਹੈ’ ਲਿਖਵਾ ਕੇ ਫਾਰਮ ਭਰ ਦਿੱਤੇ ਜਦੋਂਕਿ ਇਸਦੇ ਉਲਟ ਉਹ ਨਾਲ ਲੱਗਦੇ ਪਿੰਡ ਦੇ ਖੇਵਟਦਾਰ ਕਿਸਾਨ ਹਨ ਤੇ ਵਿਭਾਗ ਨੂੰ ਕੋਈ ਗਲਤ ਜਾਣਕਾਰੀ ਦੇਣ ਸਬੰਧੀ ਖੁਦ ਜ਼ਿੰਮੇਵਾਰ ਹੋਣ ਦੇ ਸਵੈ-ਘੋਸ਼ਣਾ ਪੱਤਰ ਦੇ ਚੁੱਕੇ ਹਨ। ਇੱਕ ਪਟਵਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਇਹ ਮਾਮਲਾ ਹਾਲ ਹੀ ਦੌਰਾਨ ਧਿਆਨ ਵਿੱਚ ਆਇਆ ਹੈ ਪਰ ਜੇ ਪੈਨਸ਼ਨਾਂ ਲੱਗੀਆਂ ਵੀ ਹਨ ਉਹ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦੀਆਂ ਹਨ। ਉਂਜ, ਹੁਣ ਬਜ਼ੁਰਗਾਂ ਦੀਆਂ ਪੈਨਸ਼ਨਾਂ ਸਬੰਧੀ ਨਿਯਮਾਂ ’ਚ ਸੋਧਾਂ ਵੀ ਹੋਈਆਂ ਹਨ। ਅਜਿਹੇ ਕੇਸਾਂ ਦੀ ਪੜਤਾਲ ਸਬੰਧੀ ਕੁਝ ਚੇਤਨ ਲੋਕਾਂ ਦਾ ਤਰਕ ਹੈ ਕਿ ਜਿਨ੍ਹਾਂ ਦੇ ਗਲਤ ਢੰਗ ਨਾਲ ਲੱਗੇ ਨੀਲੇ ਕਾਰਡ ਕੱਟੇ ਗਏ ਸੀ, ਉਨ੍ਹਾਂ ਤੋਂ ਸਰਕਾਰ ਨੇ ਰਾਸ਼ਨ ਵਾਪਸ ਲੈ ਲਿਆ? ਜਿਹੜੀਆਂ ਪਹਿਲਾਂ ਪੜਤਾਲਾਂ ਹੋਈਆਂ ਹਨ, ਉਹ ਕਿੱਥੇ ਹਨ? ਇਹ ਮਹਿਜ਼ ਲੋਕਾਂ ਨੂੰ ਧਮਕਾਉਣ ਦਾ ਸਿਆਸੀ ਸਟੰਟ ਹਨ। ਇਸ ਸਬੰਧੀ ਸੀਡੀਪੀਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।