ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਸੂਬੇ ਵਿਚ ਗ਼ੈਰਕਾਨੂੰਨੀ ਖਣਨ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੇਤ ਮਾਫ਼ੀਆ ਦੀ ਪੁਸ਼ਤਪਨਾਹੀ ਕਥਿਤ ਤੌਰ ’ਤੇ ਖ਼ੁਦ ਮੁੱਖ ਮੰਤਰੀ ਕਰ ਰਹੇ ਹਨ, ਜਿਸ ਕਰਕੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਰੇਤ ਕਾਰੋਬਾਰੀਆਂ ਨੂੰ ਨਾਜਾਇਜ਼ ਖਣਨ ਕਰਨ ਸਬੰਧੀ ਲਗਾਏ ਕਰੋੜਾਂ ਰੁਪਏ ਦੇ ਜੁਰਮਾਨੇ ਵੀ ਸਰਕਾਰ ਵਸੂਲ ਨਹੀਂ ਰਹੀ।
ਸ੍ਰੀ ਅਰੋੜਾ ਨੇ ਵਿਧਾਨ ਸਭਾ ’ਚ ਦਰਜ ਰਿਕਾਰਡ ਦੇ ਹਵਾਲੇ ਨਾਲ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰੇਤ ਮਾਫ਼ੀਆ ਦੀ ਸੂਚੀ ਮੁੱਖ ਮੰਤਰੀ ਕੋਲ ਹੋਣ ਦੇ ਬਾਵਜੂਦ ਰੇਤ ਮਾਫ਼ੀਆ ’ਤੇ ਸਾਢੇ ਤਿੰਨ ਸਾਲਾਂ ਵਿਚ ਕੈਪਟਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।