ਗੁਰਮੀਤ ਸਿੰਘ*
ਆਮਤੌਰ ’ਤੇ ਘਰ, ਬਾਗ਼ ਬਗੀਚੇ ਅਤੇ ਗਮਲਿਆਂ ਦੇ ਆਲੇ-ਦੁਆਲੇ ਇਹ ਚਿੜੀ ਹਰ ਕਿਸੇ ਨੇ ਵੇਖੀ ਹੋਵੇਗੀ। ਇਸਨੂੰ ਪੰਜਾਬੀ ਵਿਚ ਦਰਜ਼ੀ, ਅੰਗਰੇਜ਼ੀ ਵਿਚ ਟੇਲਰ ਬਰਡ (Tailor Bird) ਅਤੇ ਹਿੰਦੀ ਵਿਚ ਨਰ ਨੂੰ ਦਰਜ਼ੀ ਤੇ ਮਾਦਾ ਨੂੰ ਦਰਜ਼ਣ ਜਾਂ ਪਿੱਦੀ ਕਹਿੰਦੇ ਹਨ। ਇਸ ਦਾ ਨਾਂ ਦਰਜ਼ੀ ਜਾਂ ਟੇਲਰ ਬਰਡ ਇਸ ਲਈ ਪਿਆ ਕਿਉਂਕਿ ਇਸ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਆਪਣੀ ਚੁੰਝ ਨਾਲ ਪੱਤਿਆਂ ਨੂੰ ਸਿਓਂ ਕੇ ਠੂਠੇ ਜਾਂ ਕੀਪ ਦੇ ਆਕਾਰ ਦਾ ਆਲ੍ਹਣਾ ਬਣਾਉਂਦਾ ਹੈ। ਇਸ ਤਰ੍ਹਾਂ ਇਨ੍ਹਾਂ ਪੰਛੀਆਂ ਦੀ ਆਪਣੇ ਘਰਾਂ ਨੂੰ ਸਿਉਣ ਦੀ ਕਲਾ ਕਮਾਲ ਦੀ ਹੈ।
ਅਸੀਂ ਦਰਜ਼ੀ ਪੰਛੀ ਨੂੰ ਇਸ ਦੇ ਲੰਮੇ ਖੜ੍ਹਵੇਂ ਪੂੰਝੇ ਕਰਕੇ ਆਸਾਨੀ ਨਾਲ ਪਛਾਣ ਸਕਦੇ ਹਾਂ। ਇਸਦੇ ਪੂੰਝੇ ਵਿਚਲੇ ਦੋ ਖੰਭ ਬਾਕੀ ਦੇ ਖੰਭਾਂ ਨਾਲੋਂ ਲੰਮੇ ਅਤੇ ਸਿਰੇ ਤੋਂ ਤਿੱਖੇ ਹੁੰਦੇ ਹਨ। ਮਾਦਾ ਦਾ ਪੂੰਝਾ ਨਰ ਨਾਲੋਂ ਥੋੜ੍ਹਾ ਛੋਟਾ ਹੁੰਦਾ ਹੈ। ਇਹ ਇਕ ਚਮਕਦਾਰ ਰੰਗ ਦਾ ਪੰਛੀ ਹੈ, ਜਿਸ ਵਿਚ ਉੱਪਰ ਤੋਂ ਥੋੜ੍ਹਾ ਹਰਾ ਅਤੇ ਹੇਠਲੇ ਹਿੱਸੇ ਚਿੱਟੇ ਹੁੰਦੇ ਹਨ। ਇਸ ਛੋਟੇ ਜਿਹੇ ਪੰਛੀ ਦਾ ਸਿਰ ਲਾਲ ਹੁੰਦਾ ਹੈ। ਇਨ੍ਹਾਂ ਦਾ ਆਕਾਰ 10 ਤੋਂ 14 ਸੈਂਟੀਮੀਟਰ ਅਤੇ ਭਾਰ 6 ਤੋਂ 10 ਗ੍ਰਾਮ ਤਕ ਹੁੰਦਾ ਹੈ। ਦਰਜ਼ੀ ਪੰਛੀ ਦੇ ਛੋਟੇ ਗੋਲ ਖੰਭ, ਲੰਬੀ ਪੂਛ, ਮਜ਼ਬੂਤ ਲੱਤਾਂ ਅਤੇ ਅੱਖਾਂ ਸੰਤਰੀ ਰੰਗ ਦੀਆਂ ਹੁੰਦੀਆਂ ਹਨ। ਇਨ੍ਹਾਂ ਦੀ ਤਿੱਖੀ ਚੁੰਝ ਸੁਰਮਈ ਹੁੰਦੀ ਹੈ ਅਤੇ ਹੇਠਾਂ ਤੋਂ ਲਾਲੀ ’ਤੇ ਹੁੰਦੀ ਹੈ। ਇਹ ਪੰਛੀ ਇਕੱਲੇ ਜਾਂ ਜੋੜਿਆਂ ਵਿਚ ਪਾਏ ਜਾਂਦੇ ਹਨ। ਆਮ ਤੌਰ ’ਤੇ ਇਨ੍ਹਾਂ ਨੂੰ ਰੁੱਖਾਂ ਦੇ ਹੇਠਾਂ ਜਾਂ ਟਾਹਣੀਆਂ ’ਤੇ ਟਪੂਸੀਆਂ ਮਾਰਦੇ ਜੋੜਿਆਂ ਵਿਚ ਦੇਖਿਆ ਜਾ ਸਕਦਾ ਹੈ। ਇਹ ਇਕ ਸਾਊ ਅਤੇ ਮਿਲਾਪੜਾ ਪੰਛੀ ਹੈ ਅਤੇ ਕਈ ਬਾਰ ਬਿਨਾਂ ਕਿਸੇ ਡਰ ਦੇ ਵਸਦੇ ਘਰਾਂ ਦੇ ਵਰਾਂਡਿਆਂ ਵਿਚ ਵੜ ਜਾਂਦਾ ਹੈ। ਉਹ ਕੀੜੇ-ਮਕੌੜਿਆਂ ਨੂੰ ਚੁਗਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਟਲ ਅਤੇ ਬੱਗਾਂ ਨੂੰ ਖਾਣ ਲਈ ਜਾਣੇ ਜਾਂਦੇ ਹਨ। ਇਹ ਫੁੱਲਾਂ ’ਤੇ ਕੀੜੇ-ਮਕੌੜਿਆਂ ਵੱਲ ਖਿੱਚੇ ਜਾਂਦੇ ਹਨ ਅਤੇ ਹਰੇ ਪੌਦਿਆਂ ਅਤੇ ਦਰੱਖਤਾਂ ਦੇ ਫੁੱਲਾਂ ਨੂੰ ਪਸੰਦ ਕਰਦੇ ਹਨ।
ਇਨ੍ਹਾਂ ਵੱਲੋਂ ਆਲ੍ਹਣੇ ਵਿਚ ਮੌਨਸੂਨ ਦੀ ਬਾਰਸ਼ ਤੋਂ ਪਨਾਹ ਲੈਣ ਅਤੇ ਧੁੱਪ ਤੋਂ ਬਚਣ ਲਈ ਛੱਤ ਰੱਖੀ ਜਾਂਦੀ ਹੈ, ਜਿਸ ਨੂੰ ਦੋ ਜਾਂ ਤਿੰਨ ਪੱਤਿਆਂ ਨੂੰ ਸਿਓਂ ਕੇ ਬਣਾਇਆ ਜਾਂਦਾ ਹੈ। ਇਹ ਆਲ੍ਹਣੇ ਨੂੰ ਸੁਰੱਖਿਅਤ ਅਤੇ ਲੁਕਾ ਕੇ ਰੱਖਦੇ ਹਨ। ਇਨ੍ਹਾਂ ਦਾ ਆਲ੍ਹਣਾ ਅਕਸਰ ਬਹੁਤ ਨੀਵਾਂ ਹੁੰਦਾ ਹੈ। ਇਹ ਸ਼ਿਕਾਰੀ ਪੰਛੀਆਂ ਨੂੰ ਅੰਦਰ ਜਾਣ ਤੋਂ ਰੋਕਦੇ ਹਨ। ਦਰਜ਼ੀ ਪੰਛੀ ਅਕਸਰ ਪੱਤੇ ਦੇ ਕੱਪ ਨੂੰ ਭਰਨ ਲਈ ਖੰਭ ਅਤੇ ਆਲੇ-ਦੁਆਲੇ ਤੋਂ ਪੁਰਾਣੀ ਉੱਨ ਦੇ ਧਾਗੇ ਦੀ ਵਰਤੋਂ ਕਰਦੇ ਹਨ ਕਿਉਂਕਿ ਉਹ ਸਮੱਗਰੀ ਆਲ੍ਹਣੇ ਨੂੰ ਕਿਸੇ ਵੀ ਚੀਜ਼ ਨਾਲੋਂ ਬਿਹਤਰ ਬਣਾਉਂਦੀ ਹੈ। ਹਰੇ ਪੌਦੇ ਦੀ ਵਰਤੋਂ ਵੀ ਸਮੱਗਰੀ ਦੇ ਤੌਰ ’ਤੇ ਕੀਤੀ ਜਾਂਦੀ ਹੈ ਜੋ ਤਾਪਮਾਨ ਨੂੰ ਠੀਕ ਰੱਖਣ ਵਿਚ ਸਹਾਇਤਾ ਕਰਦੀ ਹੈ। ਇਨ੍ਹਾਂ ਦੇ ਪ੍ਰਜਣਨ ਦਾ ਮੌਸਮ ਭਾਰਤ ਵਿਚ ਜੂਨ ਤੋਂ ਅਗਸਤ ਦੇ ਮਹੀਨੇ ਤਕ ਹੁੰਦਾ ਹੈ।
ਇਸ ਮੌਸਮ ਵਿਚ ਨਰ ਉੱਚੀ ਆਵਾਜ਼ ਵਿਚ ਟਵੀਟ…,ਟਵੀਟ…,ਟਵੀਟ… ਕਰਦਾ ਹੋਇਆ ਰੌਲਾ ਪਾਉਂਦਾ ਹੈ। ਮਾਦਾ ਤਿੰਨ ਜਾਂ ਚਾਰ ਆਂਡੇ ਦਿੰਦੀ ਹੈ। ਆਂਡੇ ਸਿਹਣ ਦੀ ਕਿਰਿਆ ਨੂੰ ਲਗਭਗ 12 ਦਿਨ ਲੱਗ ਜਾਂਦੇ ਹਨ। ਦੋਵੇਂ ਨਰ ਅਤੇ ਮਾਦਾ ਚੂਜ਼ਿਆਂ ਨੂੰ ਖੁਆਉਂਦੇ ਹਨ। ਚੂਹੇ, ਬਿੱਲੀਆਂ, ਕਾਵਾਂ, ਕਿਰਲੀਆਂ ਅਤੇ ਹੋਰ ਸ਼ਿਕਾਰੀ ਪੰਛੀਆਂ ਤੋਂ ਅੰਡਿਆਂ ਅਤੇ ਚੂਜ਼ਿਆਂ ਨੂੰ ਮਾਰਨ ਬਾਰੇ ਹਮੇਸ਼ਾਂ ਚੌਕਸ ਰਹਿੰਦੇ ਹਨ, ਫਿਰ ਵੀ ਛੋਟੇ ਪੰਛੀ ਹੋਣ ਕਰਕੇ ਇਨ੍ਹਾਂ ਦੀ ਮੌਤ ਦਰ ਜ਼ਿਆਦਾ ਰਹਿੰਦੀ ਹੈ। ਚੂਜ਼ੇ ਲਗਭਗ 14 ਦਿਨਾਂ ਵਿਚ ਵੱਡੇ ਹੁੰਦੇ ਹੀ ਉਡਾਰੀ ਮਾਰ ਜਾਂਦੇ ਹਨ। ਦਰਜ਼ੀ ਪੰਛੀ ਨੂੰ ਹਰ ਕੋਈ ਪਿਆਰ ਕਰਦਾ ਹੈ। ਇਸਨੂੰ ਮਨੁੱਖ ਤੋਂ ਕੋਈ ਖ਼ਤਰਾ ਨਹੀਂ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910