ਹਰਜੀਤ ਸਿੰਘ
ਜ਼ੀਰਕਪੁਰ, 26 ਜੁਲਾਈ
ਜ਼ੀਰਕਪੁਰ ਨਗਰ ਕੌਂਸਲ ਕੋਲ ਕਰੋੜਾਂ ਰੁਪਏ ਜਮ੍ਹਾਂ ਹੋਣ ਦੇ ਬਾਵਜੂਦ ਸ਼ਹਿਰ ਵਿਕਾਸ ਪਖੋਂ ਪੱਛੜਦਾ ਜਾ ਰਿਹਾ ਹੈ। ਨਗਰ ਕੌਂਸਲ ਜ਼ੀਰਕਪੁਰ ਦੇ ਬੈਂਕ ਖਾਤਿਆਂ ਵਿੱਚ 170 ਕਰੋੜ ਰੁਪਏ ਜਮ੍ਹਾਂ ਪਏ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਵਿਕਾਸ ਕਾਰਜ ਲੰਘੇ ਤਿੰਨ ਸਾਲਾਂ ਤੋਂ ਰੁਕੇ ਹੋਏ ਹਨ। ਕੌਂਸਲ ਵੱਲੋਂ ਲੰਘੇ ਤਿੰਨ ਸਾਲਾ ਤੋਂ ਸ਼ਹਿਰ ਦੇ ਵਿਕਾਸ ’ਤੇ ਆਮਦਨ ਦੇ ਹਿਸਾਬ ਨਾਲ ਖ਼ਰਚ ਨਹੀਂ ਕੀਤਾ ਜਾ ਰਿਹਾ। ਸਿੱਟੇ ਵਜੋਂ ਕੌਂਸਲ ਕੋਲ ਲੰਘੇ ਤਿੰਨ ਸਾਲਾ ਤੋਂ 170 ਕਰੋੜ ਰੁਪਏ ਜਮ੍ਹਾਂ ਹੋ ਗਏ ਹਨ, ਜਿਸ ਵਿੱਚੋਂ ਕੌਂਸਲ ਨੇ 100 ਕਰੋੜ ਰੁਪਏ ਤੋਂ ਵਧ ਐੱਫਡੀ ਕਰਵਾ ਦਿੱਤੀ ਹੈ ਜਦਕਿ ਬਾਕੀ 70 ਕਰੋੜ ਬੈਂਕ ਖਾਤੇ ਵਿੱਚ ਜਮ੍ਹਾਂ ਪਏ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਵਸੋਂ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵੇਲੇ ਸ਼ਹਿਰ ਦੀ ਵਸੋਂ ਤਿੰਨ ਲੱਖ ਦੇ ਕਰੀਬ ਹੈ ਪਰ ਹਾਲੇ ਵੀ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸ਼ਹਿਰ ਵਿੱਚ ਥਾਂ ਥਾਂ ਟੁੱਟੀਆਂ ਸੜਕਾਂ, ਜਾਮ ਪਈ ਸੀਵਰੇਜ ਦੀ ਲਾਈਨਾਂ, ਮੀਂਹ ਦੇ ਪਾਣੀ ਦੀ ਨਿਕਾਸੀ ਦੇ ਨਾਕਾਫੀ ਪ੍ਰਬੰਧ, ਰਿਹਾਇਸ਼ੀ ਕਲੋਨੀਆਂ ਦੀਆਂ ਅੰਦਰੂਨੀ ਅਤੇ ਪਹੁੰਚ ਸੜਕਾਂ ਦੀ ਖਸਤਾ ਹਾਲਤ, ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕਾਂ ਦੀ ਤਰਸਯੋਗ ਹਾਲਤ, ਬੰਦ ਪਈਆਂ ਸਟਰੀਟ ਲਾਈਟਾਂ, ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਪੀਣ ਵਾਲੇ ਪਾਣੀ ਦੀ ਕਿੱਲਤ ਵਰਗੇ ਵਾਧੂ ਅਜਿਹੇ ਕੰਮ ਹਨ, ਜੋ ਲੰਮੇ ਸਮੇ ਤੋਂ ਲੱਟਕੇ ਪਏ ਹਨ।
ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਆਉਣ ਮਗਰੋਂ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹਨ। ਕਾਂਗਰਸ ਦੀ ਸਰਕਾਰ ਵੱਲੋਂ ਸਿਆਸੀ ਦੁਸ਼ਣਬਾਜ਼ੀ ਕਰਕੇ ਫੰਡ ਹੋਣ ਦੇ ਬਾਵਜੂਦ ਵਿਕਾਸ ਕਾਰਜਾਂ ’ਤੇ ਰੋਕ ਲਾਈ ਗਈ ਹੈ।
ਵਿਕਾਸ ਕਾਰਜਾਂ ਦੀ ਰੂਪਰੇਖਾ ਕੀਤੀ ਜਾ ਰਹੀ ਹੈ ਤਿਆਰ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਕੌਂਸਲ ਦੇ ਖਾਤੇ ਵਿੱਚ ਪੈਸੇ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਣਗੇ, ਜਿਸਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।