ਹਰਜੀਤ ਸਿੰਘ
ਡੇਰਾਬੱਸੀ, 15 ਜੁਲਾਈ
ਸਿਹਤ ਵਿਭਾਗ ਨੇ ਕਰੋਨਾ ਨਾਲ ਮ੍ਰਿਤਕ ਨੂੰ ਦਫਨਾਉਣ ਮਗਰੋਂ ਆਪਣੀ ਪੀਏਪੀ ਕਿੱਟਾਂ ਡੇਰਾਬੱਸੀ ਕਬਰਿਸਤਾਨ ਵਿੱਚ ਖੁੱਲ੍ਹੇ ’ਚ ਸੁੱਟ ਦਿੱਤੀਆਂ, ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਲੋਕਾਂ ਨੇ ਐੱਸਡੀਐੱਮ ਨੂੰ ਸ਼ਿਕਾਇਤ ਦੇ ਕੇ ਪੀਏਪੀ ਕਿੱਟਾਂ ਚੁੱਕਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਜਵਾਹਰਪੁਰ ਵਿੱਚ 48 ਸਾਲਾ ਦੇ ਮੁਸਲਿਮ ਦੁਕਾਨਦਾਰ ਦੀ ਚੰਡੀਗੜ੍ਹ ਪੀਜੀਆਈ ਵਿੱਚ ਕਰੋਨਾ ਨਾਲ ਮੌਤ ਹੋ ਗਈ ਸੀ। ਉਸ ਨੂੰ ਦਫਨਾਉਣ ਲਈ ਪੀਜੀਆਈ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਪਹੁੰਚੀ ਸੀ, ਜਿਨ੍ਹਾਂ ਦਾ ਸਥਾਨਕ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਟੀਮ ਨੇ ਸਹਿਯੋਗ ਦਿੱਤਾ ਸੀ। ਟੀਮ ਵੱਲੋਂ ਸਥਾਨਕ ਡੀ.ਏ.ਪੀ. ਸਕੂਲ ਕੋਲ ਸਥਿਤ ਕਬਰਿਸਤਾਨ ਵਿੱਚ ਮ੍ਰਿਤਕ ਨੂੰ ਦਫਨਾਇਆ ਪਰ ਬਾਅਦ ਵਿੱਚ ਟੀਮ ਨੇ ਪਾਈਆਂ ਗਈਆਂ ਪੀਏਪੀ ਕਿੱਟਾਂ ਕਬਰਿਸਤਾਨ ਵਿੱਚ ਹੀ ਇਕ ਲਿਫਾਫੇ ’ਚ ਪਾ ਕੇ ਸੁੱਟ ਦਿੱਤੀਆਂ। ਲੋਕਾਂ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਨੂੰ ਨਸ਼ਟ ਕਰਨਾ ਚਾਹੀਦਾ ਸੀ ਜਾਂ ਅਜਿਹੀ ਥਾਂ ਸੁੱਟਣਾ ਚਾਹੀਦਾ ਸੀ, ਜਿੱਥੇ ਕਿਸੇ ਵਿਅਕਤੀ ਨਾ ਪਹੁੰਚ ਸਕੇ। ਐੱਸਐੱਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਦਫਨਾਉਣ ਲਈ ਚੰਡੀਗੜ੍ਹ ਪੀਜੀਆਈ ਤੋਂ ਟੀਮ ਆਈ ਸੀ ਤੇ ਕਿੱਟਾਂ ਸਬੰਧੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ। ਉਧਰ ਐੱਸਡੀਐੱਮ ਕੁਲਦੀਪ ਬਾਵਾ ਨੇ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।