ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ‘ਕਾਲਾਪਾਣੀ’ ਮੁੱਦੇ ਦਾ ਸਫ਼ਾਰਤੀ ਯਤਨਾਂ ਨਾਲ ਹੱਲ ਲੱਭਣ ਦਾ ਦਾਅਵਾ
ਕਾਠਮੰਡੂ, 11 ਜੂਨ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਲਾਪਾਣੀ ਮੁੱਦੇ ਦਾ ਹੱਲ ਸਫ਼ਾਰਤੀ ਯਤਨਾਂ ਰਾਹੀਂ ਲੱਭੇਗੀ ਤੇ ਭਾਰਤ ਨਾਲ ਇਸ ਬਾਰੇ ਕੀਤਾ ਜਾਣ ਵਾਲਾ ਸੰਵਾਦ ਇਤਿਹਾਸਕ ਤੱਥਾਂ ਤੇ ਦਸਤਾਵੇਜ਼ਾਂ ’ਤੇ ਅਧਾਰਿਤ ਹੋਵੇਗਾ। ਚੇਤੇ ਰਹੇ ਕਿ ਨੇਪਾਲ ਦੇ ਨੁਮਾਇੰਦਾ ਸਦਨ ਨੇ ਮੰਗਲਵਾਰ ਨੂੰ ਸੰਵਿਧਾਨਕ ਸੋਧ ਬਿੱਲ ਰਾਹੀਂ ਮੁਲਕ ਦੇ ਸਿਆਸੀ ਨਕਸ਼ੇ ਵਿੱਚ ਫੇਰਬਦਲ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਨਵੇਂ ਨਕਸ਼ੇ ਵਿੱਚ ਕਾਲਾਪਾਣੀ, ਲਿਪੂ ਲੇਖ ਤੇ ਲਿੰਪੀਆਧੁਰਾ ਨੂੰ ਨੇਪਾਲ ਦਾ ਖੇਤਰ ਦਰਸਾਇਆ ਗਿਆ ਹੈ। ਓਲੀ ਨੇ ਬੁੱਧਵਾਰ ਨੂੰ ਸੰਸਦ ਵਿੱਚ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ‘ਅਸੀਂ ਭਾਰਤ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਗੱਲਬਾਤ ਰਾਹੀਂ ਵਾਪਸ ਲਵਾਂਗੇ।’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਕਾਲਾਪਾਣੀ ਵਿੱਚ ‘ਫੌਜ ਤਾਇਨਾਤ ਕਰਕੇ ਨੇਪਾਲ ਦੇ ਖੇਤਰ ਵਿੱਚ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹੀ ਨਹੀਂ ਭਾਰਤ ਨੇ ਉਥੇ ਕਾਲੀ ਮੰਦਰ ਉਸਾਰ ਕੇ ‘ਬਣਾਵਟੀ ਕਾਲੀ ਨਦੀ’ ਬਣਾਈ ਹੈ, ਜੋ ਦੋਵਾਂ ਮੁਲਕਾਂ ਵਿਚਲੀ ਸਰਹੱਦ ਨੂੰ ਨਿਰਧਾਰਿਤ ਕਰਦੀ ਹੈ।’ ਭਾਰਤ ਤੇ ਨੇਪਾਲ ਦੇ ਰਿਸ਼ਤਿਆਂ ’ਚ ਤਲਖੀ ਉਦੋਂ ਵਧ ਗਈ ਸੀ, ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਮਈ ਨੂੰ ਲਿਪੂਲੇਖ ਪਾਸ ਨੂੰ ਉੱਤਰਾਖੰਡ ਵਿੱਚ ਧਾਰਚੁਲਾ ਨਾਲ ਜੋੜਦੇ 80 ਕਿਲੋਮੀਟਰ ਲੰਮੀ ਰਣਨੀਤਕ ਪੱਖੋਂ ਅਹਿਮ ਸੜਕ ਦਾ ਉਦਘਾਟਨ ਕੀਤਾ ਸੀ। ਨੇਪਾਲ ਨੇ ਸੜਕ ਦੇ ਉਦਘਾਟਨ ਦਾ ਸਖ਼ਤ ਵਿਰੋਧ ਕਰਦਿਆਂ ਦਾਅਵਾ ਕੀਤਾ ਸੀ ਕਿ ਇਹ ਨੇਪਾਲੀ ਖੇਤਰ ’ਚੋਂ ਹੋ ਕੇ ਲੰਘਦੀ ਹੈ। ਭਾਰਤ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।