ਹਰਵਿੰਦਰ ਕੌਰ ਨੌਹਰਾ
ਨਾਭਾ, 11 ਜੂਨ
ਬੀਤੇ ਦਿਨ ਆਈ ਤੇਜ਼ ਰਫ਼ਤਾਰ ਹਨੇਰੀ ਅਤੇ ਮੀਂਹ ਨੇ ਜਿਥੇ ਦਰੱਖਤਾਂ, ਬਿਜਲੀ ਦੇ ਖੰਭਿਆਂ, ਟਰਾਂਸਫਾਰਮਾਂ, ਆਮ ਲੋਕਾਂ ਅਤੇ ਉਨ੍ਹਾਂ ਦੇ ਘਰਾਂ ਦਾ ਨੁਕਸਾਨ ਕੀਤਾ ਉਥੇ ਹੀ ਕੰਬਾਇਨ ਇੰਡਸਟਰੀ ਵਾਲਿਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਨਿਊ ਗੁਰਦਿਆਲ ਐਗਰੋ ਇੰਡਸਟਰੀ ਦੀ ਫੈਕਟਰੀ ਤੇਜ਼ ਝੱਖੜ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ। ਲੌਕਡਾਊਨ ਦੇ ਚੱਲਦਿਆਂ ਉਹ ਪਹਿਲਾਂ ਹੀ ਆਰਥਿਕ ਪੱਖੋਂ ਘਾਟੇ ਵਿੱਚ ਚਲੇ ਗਏ ਹਨ ਪਰ ਇਸ ਕੁਦਰਤੀ ਆਫਤ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ 3 ਕਰੋੜ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੀ ਫੈਕਟਰੀ ਵਿੱਚ ਰੱਖੀਆਂ 14 ਕੰਬਾਈਨਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦੋਂਕਿ ਫੈਕਟਰੀ ਵਿੱਚ ਕੰਮ ਕਰਦੇ ਦੋ ਕਾਮਿਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਇੱਕ ਕਾਮੇ ਦੀਆਂ ਬਾਹਾਂ ਟੁੱਟ ਗਈਆਂ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਮਾਲੀ ਮੱਦਦ ਕਰੇ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਪੈਰਾਂ ਸਿਰ ਕਰ ਸਕਣ। ਇਸੇ ਤਰ੍ਹਾਂ ਹਰਮੀਤ ਕੰਬਾਈਨ ਇੰਡਸਟਰੀ ਦੇ ਨੁਕਸਾਨ ਬਾਰੇ ਗੱਲਬਾਤ ਕਰਦਿਆਂ ਹਰਮੀਤ ਸਿੰਘ ਨੇ ਕਿਹਾ ਕਿ ਤੇਜ਼ ਮੀਂਹ ਤੇ ਝੱਖੜ ਨੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ ਤੇ ਫੈਕਟਰੀ ਦਾ ਪੂਰਾ ਸ਼ੈੱਡ ਉਡਾ ਦਿੱਤਾ ਜੋ ਦੇਖਦਿਆਂ ਹੀ ਦੇਖਦਿਆਂ ਕਬਾੜ ਬਣ ਗਿਆ ਤੇ ਦੂਰ-ਦੂਰ ਤੱਕ ਖਿੰਡ ਗਿਆ। ਉਨ੍ਹਾਂ ਦੀ ਫੈਕਟਰੀ ਅੰਦਰ ਪਈਆਂ ਨਵੀਂਆਂ ਕੰਬਾਈਨ ਮਸ਼ੀਨਾਂ ਟੁੱਟ ਗਈਆਂ ਤੇ ਹੋਰ ਸਾਮਾਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਨੁਕਸਾਨ ਦੀ ਪੂਰਤੀ ਹੋ ਸਕੇ।