ਮਨਮੀਤ ਕੱਕੜ
ਭਾਰਤ ਵਿਚ ਜਵਾਨ ਉਮਰ ਵਿਚ ਖ਼ੁਦਕੁਸ਼ੀ ਕਰਨ ਦੇ ਵਧ ਰਹੇ ਅੰਕੜੇ ਚਿੰਤਾਜਨਕ ਸਥਿਤੀ ਵਿਚ ਪਹੁੰਚੇ ਹੋਏ ਹਨ। ਆਮ ਵਰਗਾਂ ਵਿਚ ਆਉਂਦੇ ਨੌਜਵਾਨਾਂ (ਗੱਭਰੂਆਂ ਤੇ ਮੁਟਿਆਰਾਂ) ਵੱਲੋਂ ਕੀਤੀਆਂ ਜਾਣ ਵਾਲੀਆਂ ਖ਼ੁਦਕੁਸ਼ੀਆਂ ਬਾਰੇ ਤਾਂ ਅਸੀਂ ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ, ਪਰ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹੋਣਹਾਰ ਨੌਜਵਾਨ ਫਿਲਮੀ ਅਦਾਕਾਰ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਸਾਡੇ ਤੱਕ ਪਹੁੰਚਦੀ ਹੈ, ਤਾਂ ਸਾਡਾ ਮੀਡੀਆ ਇਕ-ਦੋ ਦਿਨ ਲਈ ਖ਼ੁਦਕੁਸ਼ੀਆਂ ਦੇ ਵਧ ਰਹੇ ਮਾਮਲਿਆਂ ਤੇ ਇਨ੍ਹਾਂ ਦੇ ਕਾਰਨਾਂ ਬਾਰੇ ਚਰਚਾ ਜ਼ਰੂਰ ਕਰਦਾ ਹੈ ਤੇ ਅਸੀਂ ਵੀ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣ ਲੱਗ ਪੈਂਦੇ ਹਾਂ। ਇਹ ਸਾਡੇ ਲਈ ਹੋਰ ਵੀ ਡਰਾਉਣਾ ਸੱਚ ਹੈ ਕਿ ਨੌਜਵਾਨਾਂ ਵਿਚ ਤਣਾਅ ਅਤੇ ਉਦਾਸੀ ਦੀ ਦਰ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਭਾਰਤ ਵਿਚ ਹੈ। ਪਰ ਭਾਰਤ ਵਿਚ ਹਰ ਮਾਨਸਿਕ ਬਿਮਾਰੀ ਨੂੰ ਹੀ ਪਾਗਲਪਨ ਦਾ ਨਾਂ ਦਿੱਤੇ ਜਾਣ ਕਾਰਨ ਬਹੁਤਾਤ ਵਿਚ ਇਸ ਦੇ ਸ਼ਿਕਾਰ ਲੋਕ ਇਸ ਬਾਰੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰਦੇ।
ਬਹੁਤ ਲੋਕ ਮਾਨਸਿਕ ਬਿਮਾਰੀਆਂ ਦੇ ਲੱਛਣਾਂ ਨੂੰ ਸਮਝ ਜਾਂ ਪਛਾਣ ਹੀ ਨਹੀਂ ਪਾਉਂਦੇ, ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਵੀ ਜਾਵੇ ਤਾਂ ਇਹ ਨਹੀਂ ਪਤਾ ਹੁੰਦਾ ਕਿ ਇਸ ਬਾਰੇ ਕੀ ਕਰਨਾ ਹੈ ਜਾਂ ਕਿਵੇਂ ਕਰਨਾ ਹੈ। ਮਾਪਿਆਂ ਨਾਲ ਵਧੀਆ ਸਬੰਧ ਨਾ ਹੋਣ ਦੀ ਸਥਿਤੀ ਵਿਚ, ਮਖੌਲ ਅਤੇ ਆਪਣੀ ਨਾਂਹਪੱਖੀ ਦਿੱਖ ਬਣ ਜਾਣ ਦੇ ਡਰੋਂ ਨੌਜਵਾਨ ਆਪਣੀ ਮਾਨਸਿਕ ਸਥਿਤੀ ਨੂੰ ਛੁਪਾ ਲੈਂਦੇ ਹਨ। ਬਾਹਰਲੇ ਲੋਕ ਸਮਝਣ ਅਤੇ ਸਵੀਕਾਰ ਕਰਨ ਵਿਚ ਅਸਮਰੱਥ ਹੁੰਦੇ ਹਨ ਅਤੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਨੌਜਵਾਨ ਡਰੇ ਹੋਏ ਹੋਣ ਕਾਰਨ ਇਸ ਬਾਰੇ ਬੋਲਣ ਲਈ ਉਲਝਣ ਵਿਚ ਹੁੰਦੇ ਹਨ। ਕੁਝ ਕੁ ਬਹਾਦਰ ਨੌਜਵਾਨ ਹੀ ਕਿਸੇ ਕੋਲ ਇਸ ਬਾਰੇ ਗੱਲ ਕਰਨ ਦੀ ਬਹਾਦਰੀ ਦਿਖਾਉਂਦੇ ਹਨ ਅਤੇ ਇਸ ਦਾ ਇਲਾਜ ਵੀ ਕਰਵਾਉਂਦੇ ਹਨ। ਨਤੀਜਾ ਇਹ ਹੈ ਕਿ 15 ਤੋਂ ਲੈ ਕੇ 29 ਸਾਲ ਦੇ ਵਿਚਕਾਰ ਹਰ 100000 ਭਾਰਤੀਆਂ ਵਿਚੋਂ ਸਾਲਾਨਾ 36 ਨੌਜਵਾਨ ਖ਼ੁਦਕੁਸ਼ੀਆਂ ਕਰਦੇ ਹਨ, ਜੋ ਦੁਨੀਆਂ ਵਿਚ ਨੌਜਵਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਪੱਖੋਂ ਸਭ ਤੋਂ ਵੱਧ ਦਰ ਹੈ। ਨੌਜਵਾਨਾਂ ਦੀ ਮਾਨਸਿਕ ਸਿਹਤ ਹੀ ਨੌਜਵਾਨਾਂ ਦੇ ਭਵਿੱਖ ਦਾ ਰਾਹ ਨਿਰਧਾਰਿਤ ਕਰਦੀ ਹੈ। 18 ਤੋਂ 24 ਸਾਲ ਦੀ ਉਮਰ ਦੇ ਹਰ ਅੱਠ ਨੌਜਵਾਨਾਂ ਪਿੱਛੇ ਇਕ ਨੌਜਵਾਨ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਨਾਲ ਨਾ ਕੇਵਲ ਗਲਤ ਕਰੀਅਰ ਵਾਲੇ ਮਾਰਗਾਂ ਦੀ ਚੋਣ ਹੋ ਰਹੀ ਹੈ ਬਲਕਿ ਨੌਜਵਾਨ ਨਸ਼ਿਆਂ ਅਤੇ ਆਤਮ-ਹੱਤਿਆ ਵਰਗੇ ਮਾਰਗ ਵੱਲ ਜਾ ਰਿਹਾ ਹੈ।
ਮਾਨਸਿਕ ਵਿਕਾਰ ਦੇ ਸ਼ਿਕਾਰ ਨੌਜਵਾਨਾਂ ਬਾਰੇ ਅੰਕੜੇ ਬਹੁਤ ਖਤਰਨਾਕ ਸੰਕੇਤ ਦੇ ਰਹੇ ਹਨ ਅਤੇ ਇਹ ਗੱਲ ਹੋਰ ਜ਼ਿਆਦਾ ਚਿੰਤਾਜਨਕ ਹੈ ਕਿ ਨੌਜਵਾਨ ਇਸ ਬਾਰੇ ਗੱਲ ਕਰਨ ਲਈ ਤਿਆਰ ਹੀ ਨਹੀਂ ਹਨ। ਭਾਵੇਂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਬੋਲਣ ਵਾਲਾ ਤੇ ਅਗਾਂਹਵਧੂ ਸਮਝਿਆ ਜਾਂਦਾ ਹੈ ਪਰ ਗੱਲ ਜਦੋਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਦੀ ਆਉਂਦੀ ਹੈ ਤਾਂ ਇਹ ਸੋਸ਼ਲ ਮੀਡੀਆ ਸਾਈਟਸ ਉੱਤੇ ਇਮੋਟੋਕਨਜ਼ ਪਾਉਣ ਤੋਂ ਵੱਧ ਹੋਰ ਕੁਝ ਵੀ ਨਹੀਂ ਕਰ ਪਾਉਂਦੇ।
ਭਾਰਤ ਦਾ ਸਖ਼ਤ ਅਕਾਦਮਿਕ ਢਾਂਚਾ ਅਤੇ ਵਿਦਿਆਰਥੀਆਂ ਲਈ ਪ੍ਰੀਖਿਆ ਵਿਚ ਜ਼ਿਆਦਾ ਤੋਂ ਜਿਆਦਾ ਨੰਬਰ ਲੈਣ ਦਾ ਚੌਤਰਫ਼ਾ ਦਬਾਅ ਵਿਦਿਆਰਥੀਆਂ ਨੂੰ ਆਪਣੇ ਆਪ ’ਤੇ ਬਹੁਤ ਜ਼ਿਆਦਾ ਦਬਾਅ ਪਾਉਣ ਲਈ ਮਜਬੂਰ ਕਰਦਾ ਹੈ, ਉਹ ਵੀ ਬਿਨਾਂ ਕਿਸੇ ਭਾਵਨਾਤਮਕ ਮੱਦਦ ਤੋਂ। ਸਭ ਵਿਦਿਆਰਥੀ ਉੱਚ ਅਕਾਦਮਿਕ ਗ੍ਰੇਡਾਂ ਲਈ ਇਕ ਦੂਜੇ ਨਾਲ ਮੁਕਾਬਲਾ ਵਿਚ ਲਗੇ ਹੋਏ ਹਨ, ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਇਸ ‘ਤੇ ਨਿਰਭਰ ਕਰਦੀ ਹੈ। ਪਰ ਕਦੇ ਨਾ ਮੁੱਕਣ ਵਾਲੀ ਇਸ ਦੌੜ ਵਿਚ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਸਮਾਂ ਨਹੀਂ ਦੇ ਪਾਉਂਦੇ, ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਨਹੀਂ ਕਰ ਪਾਉਂਦੇ ਅਤੇ ਇਸ ਤਰ੍ਹਾਂ ਉਹ ਹੌਲ਼ੀ ਹੌਲ਼ੀ ਤਣਾਅ ਦੀ ਦਲਦਲ ਵਿਚ ਧਸਦੇ ਜਾਂਦੇ ਹਨ।
ਕਾਲਜ ਦੇ ਵਿਦਿਆਰਥੀਆਂ ‘ਤੇ ਵਿੱਤੀ ਦਬਾਅ ਵੀ ਤਣਾਅ ਦਾ ਇਕ ਅਹਿਮ ਕਾਰਨ ਹੈ। ਇਕ ਮੱਧਵਰਗੀ ਪਰਿਵਾਰ ਤੋਂ ਆਉਣ ਦਾ ਮਤਲਬ ਇਹ ਹੈ ਕਿ ਮਾਪਿਆਂ ਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਵਿਚੋਂ ਵੱਡੀ ਰਕਮ ਵਿਦਿਆਰਥੀ ਦੀ ਉੱਚ ਸਿੱਖਿਆ ਦੇ ਲੇਖੇ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਜੇ ਵਿਦਿਆਰਥੀ ਨਾਕਾਮ ਹੋ ਜਾਂਦਾ ਹੈ ਜਾਂ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਇਕ ਤਰਾਂ ਨਾਲ ਉਹ ਆਪਣੇ ਮਾਪਿਆਂ ਦਾ ਬਹੁਤ ਮਿਹਨਤ ਨਾਲ ਕਮਾਇਆ ਪੈਸਾ ਬਰਬਾਦ ਕਰ ਰਿਹਾ ਹੈ। ਇੰਝ ਇਸ ਤਰਾਂ ਦੇ ਦਬਾਅ ਹੇਠ ਦੱਬਿਆ ਵਿਦਿਆਰਥੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਉਤਾਂਹ ਨੂੰ ਦੇਖ ਹੀ ਨਹੀਂ ਪਾਉਂਦਾ।
ਇੰਟਰਨੈੱਟ ਦੇ ਉੱਪਰ ਆਪਸ ਵਿਚ ਹੋਣ ਵਾਲਾ ਵਾਰਤਾਲਾਪ, ਅਸਲ ਵਿਚ ਸਿੱਧੀ ਕੀਤੀ ਗਈ ਗੱਲਬਾਤ ਦੇ ਮੁਕਾਬਲੇ ਵਿਚ ਬਹੁਤ ਨਕਲੀ ਹੁੰਦਾ ਹੈ ਅਤੇ ਇਹ ਨਕਲੀ ਦੁਨੀਆ ਹੀ ਨੌਜਵਾਨਾਂ ਨੂੰ ਇਕੱਲੇ ਅਤੇ ਨਿਰਾਸ਼ ਕਰਦੀ ਹੈ। ਸਾਰਾ ਦਿਨ ਇੰਟਰਨੈੱਟ ਦੀ ਸੁਪਨਮਈ ਦੁਨੀਆਂ ਵਿਚ ਰੁੱਝੇ ਰਹਿਣ ਵਾਲੇ ਅਕਸਰ ਅਸਲ ਦੁਨੀਆਂ ਤੋਂ ਟੁੱਟ ਜਾਂਦੇ ਹਨ ਅਤੇ ਆਪਣੀਆਂ ਚਿੰਤਾਵਾਂ ਅਤੇ ਡਰਾਂ ਨੂੰ ਕਿਸੇ ਨੂੰ ਦੱਸਣ ਤੇ ਮਨ ਵਿਚੋਂ ਕੱਢਣ ਤੋਂ ਅਸਮਰੱਥ ਮਹਿਸੂਸ ਕਰਦੇ ਹਨ। ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਭਾਵਨਾਤਮਕ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਜੀਵਨ ਵਿਚ ਸਹਿਜਤਾ ਲੈ ਕੇ ਆਉਂਦਾ ਹੈ ਪਰ ਜਦੋਂ ਅਸਲੀ ਮੇਲ-ਮਿਲਾਪ ਅਤੇ ਗੱਲਬਾਤ ਦੀ ਜਗ੍ਹਾ ਸੋਸ਼ਲ ਸਾਈਟਸ ’ਤੇ ਹੋਣ ਵਾਲੀ ਗੱਲਬਾਤ ਲੈ ਲੈਂਦੀ ਹੈ ਤਾਂ ਨੌਜਵਾਨ ਆਪਣੇ ਆਪ ਨੂੰ ਅਸਲੀ ਸੰਸਾਰ ਵਿਚ ਅਲੱਗ ਥਲੱਗ ਮਹਿਸੂਸ ਕਰਦੇ ਹਨ ਅਤੇ ਉਸ ਸਮੇਂ ਉਨ੍ਹਾਂ ਨੂੰ ਜੋ ਮਾਨਸਿਕ ਅਤੇ ਭਾਵਨਾਤਮਕ ਸਹਾਇਤਾ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਉਹ ਉਸ ਨੂੰ ਮੰਗਣ ਅਤੇ ਪ੍ਰਗਟਾਉਣ ਵਿਚ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ ਜਾਂ ਅਸਮਰੱਥ ਰਹਿੰਦੇ ਹਨ।
ਸੰਸਾਰ ਸਿਹਤ ਅਦਾਰੇ (ਡਬਲਿਊਐਚਓ) ਅਨੁਸਾਰ, ਭਾਰਤ ਆਪਣੇ ਪਹਿਲਾਂ ਹੀ ਬਹੁਤ ਛੋਟੇ ਸਿਹਤ ਬਜਟ ਦਾ ਮਹਿਜ਼ 0.06 ਫ਼ੀਸਦੀ ਹਿੱਸਾ ਹੀ ਮਾਨਸਿਕ ਸਿਹਤ ਉੱਪਰ ਖਰਚਦਾ ਹੈ। ਭਾਰਤ ਵਿਚ ਤੇਰਾਂ ਹਜ਼ਾਰ ਤੋਂ ਜ਼ਿਆਦਾ ਮਾਨਸਿਕ ਰੋਗੀਆਂ ਲਈ ਇਕ ਮਨੋ-ਚਿਕਿਤਸਕ ਉਪਲਬਧ ਹੈ। ਇਸ ਦੀ ਤੁਲਨਾ ਵਿਚ ਇੰਗਲੈਂਡ ਵਿਚ ਉਂਨੀ ਹੀ ਆਬਾਦੀ ਲਈ 59 ਮਨੋਵਿਗਿਆਨੀ ਹਨ। ਭਾਰਤ ਨੂੰ ਬੁਨਿਆਦੀ ਢਾਂਚੇ ਨੂੰ ਬਣਾਉਣ ਵਿਚ ਨਿਵੇਸ਼ ਕਰਨ ਦੀ ਜ਼ਰੂਰਤ ਹੈ, ਜਿਵੇਂ ਕਿ ਮਾਨਸਿਕ ਰੋਗਾਂ ਦੇ ਮਾਹਿਰ ਵਧੇਰੇ ਡਾਕਟਰ, ਹੋਰ ਹਸਪਤਾਲ, ਮਾਨਸਿਕ ਰੋਗਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਆਦਿ। ਇਹ ਸਭ ਤਰੀਕੇ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਲਈ ਲਾਹੇਵੰਦ ਸਾਬਤ ਹੋਣਗੇ। ਪਰ ਅਜਿਹੇ ਵਿਕਾਸ ਦੇ ਪ੍ਰਭਾਵ ਨੂੰ ਦੇਖਣ ਲਈ ਖਾਸ ਕਰਕੇ ਜਦੋਂ ਇਸ ਵਿਚ ਹੁਨਰਮੰਦ ਮਨੁੱਖੀ ਵਸੀਲਿਆਂ ਦੀ ਗਿਣਤੀ ਵਿਚ ਵਾਧਾ ਸ਼ਾਮਲ ਹੁੰਦਾ ਹੈ, ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।
ਅਸੀਂ ਭਾਰਤੀ ਇਸ ਗੱਲ ਤੋਂ ਬਹੁਤ ਚਿੰਤਤ ਰਹਿੰਦੇ ਹਾਂ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ, ਇਸ ਸੋਚ ਨੂੰ ਬਦਲਣ ਦੀ ਸਖ਼ਤ ਲੋੜ ਹੈ। ਸਾਨੂੰ ਇਕ ਦੂਜੇ ਦੇ ਵਿਚਾਰਾਂ ਅਤੇ ਮੁੱਦਿਆਂ ਦਾ ਆਦਰ ਕਰਨਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨੌਜਵਾਨਾਂ ਵਿਚਲੇ ਮਾਨਸਿਕ ਵਿਗਾੜ ਨੂੰ ਇਕ ਆਮ ਵਰਤਾਰੇ ਵਜੋਂ ਸਵੀਕਾਰ ਕਰਨਾ ਬੰਦ ਕਰ ਦੇਈਏ ਅਤੇ ਅਸਲ ਵਿਚ ਆਪਣੇ ਨੌਜਵਾਨਾਂ ਨੂੰ ਇਸ ਵਿਚੋਂ ਬਾਹਰ ਕੱਢਣ ਲਈ ਇਸ ਬਾਰੇ ਉਪਰਾਲੇ ਕਰਨੇ ਸ਼ੁਰੂ ਕਰੀਏ। ਸਾਨੂੰ ਡਿਪਰੈਸ਼ਨ ’ਤੇ ਦੇਸ਼ ਪੱਧਰ ਉਪਰ ਇਕ ਉਸਾਰੂ ਚਰਚਾ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇਸ ਦੀ ਪਹਿਲਕਦਮੀ ਕਰਦੇ ਹੋਏ ਬਾਲੀਵੁੱਡ ਦੇ ਸਿਤਾਰਿਆਂ ਜਿਵੇਂ ਕਿ ਦੀਪਿਕਾ ਪਾਦੁਕੋਣ ਅਤੇ ਕਰਨ ਜੌਹਰ ਨੇ ਸ਼ੁਰੂਆਤ ਕੀਤੀ ਹੈ, ਪਰ ਇਹ ਕਾਫ਼ੀ ਨਹੀਂ ਹੈ। ਸਾਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਗੱਲਬਾਤ ਵਿਚ ਸ਼ਾਮਲ ਕਰਨ ਦੀ ਲੋੜ ਹੈ। ਸਾਨੂੰ ਸਮਾਜ ਦੇ ਹਰ ਪੱਧਰ ਵਿਚ ਤਣਾਅ ਤੋਂ ਦੂਰ ਰਹਿਣ, ਤਣਾਅ ਨਾਲ ਲੜਨ ਦੀ ਸ਼ਕਤੀ, ਭਾਵਨਾਵਾਂ ਨੂੰ ਜ਼ਾਹਿਰ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣੀ ਪਵੇਗੀ।
ਆਓ ਆਪਾਂ ਸਭ ਮਿਲ ਕੇ ਇਸ ਦਾ ਸਾਹਮਣਾ ਕਰੀਏ, ਡਿਪਰੈਸ਼ਨ ਕਿਸੇ ਖੁਦ ਦੇ ਕਾਰਨ ਨਹੀਂ ਹੁੰਦਾ ਹੈ ਅਤੇ ਨਾ ਹੀ ਡਿਪਰੈਸ਼ਨ ਤੋਂ ਪੀੜਤ ਵਿਅਕਤੀ ਆਪਣੇ ਪਿਆਰਿਆਂ ਦੀ ਸਹਾਇਤਾ ਤੋਂ ਬਿਨਾਂ ਇਸ ਨੂੰ ਖ਼ਤਮ ਕਰ ਸਕਦਾ ਹੈ। ਬਹੁਤ ਹੱਦ ਤੱਕ ਉਦਾਸੀ ਦਾ ਕਾਰਨ ਪਿਆਰ ਅਤੇ ਧਿਆਨ ਦੀ ਘਾਟ ਹੁੰਦਾ ਹੈ, ਇਸ ਲਈ ਯਕੀਨੀ ਬਣਾਓ ਕਿ ਤੁਸੀਂ ਜਦੋਂ ਵੀ ਆਪਣੇ ਬੱਚਿਆਂ ਜਾਂ ਦੋਸਤ ਵਿਚ ਮਾਨਸਿਕ ਬਿਮਾਰੀ ਨਾਲ ਸਬੰਧਤ ਕੋਈ ਲੱਛਣ ਵਿਕਸਿਤ ਹੁੰਦਾ ਦੇਖੋ ਤਾਂ ਉਨ੍ਹਾਂ ਦੀ ਮਦਦ ਲਈ ਹਾਜ਼ਰ ਹੋ ਜਾਵੋ। ਤੁਹਾਡੀ ਸਹਾਇਤਾ ਅਤੇ ਦਿਆਲਤਾ ਪੀੜਤ ਲੋਕਾਂ ਦੀ ਮਦਦ ਕਰ ਸਕਦੀ ਹੈ। ਆਪਣੇ ਆਪ ਨੂੰ ਨਾ ਸਮਝੇ ਜਾਣ ਦੇ ਡਰ ਕਾਰਨ ਉਹ ਚੁੱਪ ਰਹਿੰਦੇ ਹਨ ਅਤੇ ਕਈ ਸਾਲ ਦੁੱਖ ਭੋਗਦੇ ਹਨ, ਅਤੇ ਕੁਝ ਮਾਮਲਿਆਂ ਵਿਚ ਗੱਲ ਖ਼ੁਦਕੁਸ਼ੀ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਨੂੰ ਸਿਰਫ ਲੋਕਾਂ ਵੱਲੋਂ ਸਵੀਕਾਰੇ ਜਾਣ ਅਤੇ ਉਨ੍ਹਾਂ ਦੀ ਗੱਲ ਸੁਣਨ ਦੀ ਲੋੜ ਹੈ। ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਿਚ ਸਹੀ ਕਦਰਾਂ ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅਤੇ ਖੁੱਲ੍ਹਾ ਸੰਚਾਰ ਹੋਣਾ ਚਾਹੀਦਾ ਹੈ। ਸ਼ੁਰੂਆਤੀ ਤੌਰ ’ਤੇ ਇਲਾਜ ਸ਼ੁਰੂ ਕਰਨ ਲਈ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਹੁਣ ਇਸ ਸਮੱਸਿਆ ਦੇ ਹੱਲ ਲਈ ਸਿਰਫ ਮਾਨਸਿਕ ਰੋਗ ਦੇ ਮਾਹਿਰਾਂ ਜਾਂ ਸਰਕਾਰਾਂ ਵੱਲ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਸਾਨੂੰ ਸਭ ਨੂੰ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਦੇਸ਼ ਦੇ ਭਵਿੱਖ ਨੂੰ ਤਣਾਅ ਦੀ ਦਲਦਲ ਵਿਚ ਧਸਣ ਤੋਂ ਬਚਾ ਸਕੀਏ।
*ਸਹਾਇਕ ਨਿਰਦੇਸ਼ਕ, ਰਿਆਤ-ਬਾਹਰਾ ਯੂਨੀਵਰਸਟੀ, ਮੁਹਾਲੀ।
ਸੰਪਰਕ: 79863-07793