ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਭਾਰਤੀ ਹਵਾਈ ਫ਼ੌਜ ਦੇ ਸੇਵਾ ਮੁਕਤ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਜੋ ਜਿਉਂਦੇ ਭਾਰਤੀ ਲੜਾਕੂ ਪਾਇਲਟਾਂ ਵਿੱਚੋਂ ਸਭ ਤੋਂ ਉਮਰ ਦਰਾਜ ਹਨ, ਅੱਜ 100 ਸਾਲ ਦੇ ਹੋ ਗਏ। ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਆਰਕੇ ਐੱਸ ਭਦੌੜੀਆ ਨੇ ਅਗਸਤ 1947 ਨੂੰ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਸ੍ਰੀ ਮਜੀਠੀਆ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਦੇਸ਼ ਨੇ ਉਸ ਸਮੇਂ ਆਜ਼ਾਦੀ ਪ੍ਰਾਪਤ ਕੀਤੀ ਸੀ।
ਹਵਾਈ ਫ਼ੌਜ ਵੱਲੋਂ ਟਵੀਟ ਕੀਤਾ ਗਿਆ, ‘‘ਆਈਏਐੱਫ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ (ਸੇਵਾ ਮੁਕਤ) ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਮੌਕੇ ਵਧਾਈਆਂ ਦਿੰਦੀ ਹੈ। ਉਹ ਅਗਸਤ 1947 ਨੂੰ ਸੇਵਾ ਮੁਕਤ ਹੋਏ ਅਤੇ ਹੁਣ ਸਭ ਤੋਂ ਪੁਰਾਣੇ ‘ਆਈਏਐੱਫ’ ਦੇ ਲੜਾਕੂ ਪਾਇਲਟ ਹੋਣ ਦਾ ਮਾਣ ਰੱਖਦੇ ਹਨ।’’ ਹਵਾਈ ਫ਼ੌਜ ਦੇ ਮੁਖੀ ਨੇ ਦਲੀਪ ਸਿੰਘ ਨੂੰ ਸਮੂਹ ਹਵਾਈ ਯੋਧਿਆਂ ਵੱਲੋਂ ਤਹਿ ਦਿਲੋਂ ਨਿੱਘੀਆਂ ਮੁਬਾਰਕਾਂ ਦਿੱਤੀਆਂ। ਮਜੀਠੀਆ ਦਾ ਇੱਕ ਛੋਟਾ ਵੀਡੀਓ ਕਲਿੱਪ ਵੀ ਟਵਿੱਟਰ ਉਪਰ ਸਾਂਝਾ ਕੀਤਾ ਗਿਆ।