ਮਾਨਸਾ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਦੇ ਆਪ ਦੇ ਵਰਕਰ। -ਫੋਟੋ: ਸੁਰੇਸ਼
ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ
ਸਕੂਲਾਂ ਦੇ ਬੰਦ ਹੋਣ ਦੌਰਾਨ ਫੀਸਾਂ ਵਸੂਲਣ ਦੇ ਵਿਰੋਧ ਵਜੋਂ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਵੱਲੋਂ ਅੱਜ ਇਥੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਗਿਆ। ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਨੇ ਇਸ ਦੀ ਅਗਵਾਈ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਬੰਦ ਪਏ ਸਕੂਲਾਂ ਨੂੰ ਫੀਸਾਂ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਇਸ ਮਸਲੇ ਨੂੰ ਹਾਈ ਕੋਰਟ ਵਿੱਚ ਭੇਜਿਆ ਹੈ, ਜਦੋਂਕਿ ਸਕੂਲ ਫੀਸਾਂ ਦਾ ਸਬੰਧ ਪੰਜਾਬ ਸਰਕਾਰ ਨਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਜਦੋਂ ਤੱਕ ਪੰਜਾਬ ਸਰਕਾਰ ਸਕੂਲ ਫੀਸਾਂ ਮੁਆਫ ਨਹੀਂ ਕਰਦੀ ਉਦੋਂ ਤੱਕ ਆਮ ਆਦਮੀ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ।
ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਜਸਪਾਲ ਦਾਤੇਵਾਸ, ਗੁਰਪ੍ਰੀਤ ਸਿੰਘ ਭੁੱਚਰ, ਡਾ.ਵਿਜੈ ਸਿੰਗਲਾ, ਚੌਧਰੀ ਨੇਮ ਚੰਦ, ਵਰਿੰਦਰ ਸੋਨੀ, ਪਰਮਿੰਦਰ ਕੌਰ, ਰਮੇਸ਼ ਖਿਆਲਾ ਵੀ ਹਾਜ਼ਰ ਸਨ।
ਬਠਿੰਡਾ (ਸ਼ਗਨ ਕਟਾਰੀਆ) ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਫ਼ੀਸਾਂ ਉਗਰਾਹੁਣ ਦੇ ਮੁੱਦੇ ’ਤੇ ਅੱਜ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਸਾੜਿਆ। ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਰਾਜਨ ਦੀ ਅਗਵਾਈ ਵਿੱਚ ਹੋਏ ਇਸ ਮੁਜ਼ਾਹਰੇ ਨੂੰ ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਆਗੂ ਅਨਿਲ ਠਾਕੁਰ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਤਰਜ਼ਮਾਨ ਨੀਲ ਗਰਗ ਅਤੇ ਰਾਕੇਸ਼ ਪੁਰੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 73 ਸਾਲਾਂ ਤੋਂ ਆਜ਼ਾਦ ਮੁਲਕ ’ਚ ਅਤੇ ਖਾਸ ਕਰਕੇ ਪੰਜਾਬ ’ਚ ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਸਿੱਖਿਆ ਵਰਗੀ ਬੁਨਿਆਦੀ ਜ਼ਰੂਰਤ ਨੂੰ ਲੋਕਾਂ ਦੇ ਹਾਣ ਦੀ ਬਣਾਉਣ ਲਈ ਨਹੀਂ ਸੋਚਿਆ। ਉਨ੍ਹਾਂ ਤਰਕ ਦਿੱਤਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਸਕੂਲਾਂ ਨੂੰ ਅਜਿਹੀ ਅਤਿ-ਆਧੁਨਿਕ ਦਿੱਖ ਦਿੱਤੀ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਸਕੂਲਾਂ ਦੀ ਨਿਵੇਕਲੀ ਨੁਹਾਰ ਵੇਖਣ ਲਈ ਖ਼ੁਦ ਚੱਲ ਕੇ ਪਹੁੰਚੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਮਾਮਲੇ ਪ੍ਰਤੀ ਵਾਕਿਆ ਹੀ ਸੰਜੀਦਾ ਹੈ ਤਾਂ ਉਹ ਫ਼ੀਸਾਂ ਦੀ ਮੁਆਫ਼ੀ ਲਈ ਆਰਡੀਨੈਂਸ ਕਿਉਂ ਨਹੀਂ ਲੈ ਕੇ ਆਉਂਦੀ।