ਸੁਭਾਸ਼ ਚੰਦਰ
ਸਮਾਣਾ, 6 ਜੁਲਾਈ
ਮਾਰਕੀਟ ਕਮੇਟੀ ਸਮਾਣਾ ਦੇ ਦਫ਼ਤਰ ਵਿਚ ਚੇਅਰਮੈਨ ਪ੍ਰਦਮਨ ਸਿੰਘ ਵਿਰਕ ਵੱਲੋ ਕਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਸ ਵਿਚ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਮੰਡੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਸਨਮਾਨ ਕੀਤਾ।
ਵਿਧਾਇਕ ਨੇ ਅਕਾਲੀ ਦਲ ਵਲੋਂ 7 ਜੁਲਾਈ ਨੂੰ ਤੇਲ ਦੀਆਂ ਕੀਮਤਾਂ ਵਿਰੁੱਧ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰੇ ਦੇਸ਼ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਆਰਥਿਕ ਮਦਦ ਕਰ ਰਹੇ ਹਨ ਤਾਂ ਭਾਜਪਾ ਸਰਕਾਰ ਜੁਮਲੇਬਾਜ਼ੀ ਵਿਚ ਡੰਗ ਸਾਰ ਰਹੀ ਹੈ। ਊਨ੍ਹਾਂ ਕਿਹਾ ਕਿ ਹੁਣ ਦੁਨੀਆਂ ਵਿਚ ਤੇਲ ਦੀਆਂ ਕੀਮਤਾਂ ਬਿਲਕੁੱਲ ਹੇਠਲੇ ਪੱਧਰ ’ਤੇ ਆ ਗਈਆਂ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਆਰਥਿਕ ਸੱਟ ਮਾਰੀ ਹੈ। ਅਕਾਲੀ ਦਲ ਕੇਂਦਰ ਦੀ ਵਜ਼ੀਰੀ ਬਦਲੇ ਕੇਂਦਰ ਦੀ ਭਾਜਪਾ ਸਰਕਾਰ ਦੇ ਹਰ ਫ਼ੈਸਲੇ ’ਤੇ ਫੁੱਲ ਚੜ੍ਹਾ ਰਿਹਾ ਹੈ।