ਪੱਤਰ ਪ੍ਰੇਰਕ
ਮਾਛੀਵਾੜਾ, 6 ਜੁਲਾਈ
ਪਾਵਰਕੌਮ ਵੱਲੋਂ ਅੱਜ ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ ’ਤੇ ਮਾਲ ਵਿਭਾਗ ਦੀ ਮਾਛੀਵਾੜਾ ਸਬ-ਤਹਿਸੀਲ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਐੱਸਡੀਓ ਅਮਨ ਗੁਪਤਾ ਨੇ ਦੱਸਿਆ ਕਿ ਸਬ-ਤਹਿਸੀਲ ਦਾ ਕਰੀਬ ਸਵਾ 3 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ, ਜਿਸ ਸਬੰਧੀ ਉਨ੍ਹਾਂ ਨੇ ਵਿਭਾਗ ਨੂੰ ਕਈ ਵਾਰ ਜ਼ੁਬਾਨੀ ਤੇ ਲਿਖਤੀ ਨੋਟਿਸ ਜਾਰੀ ਕੀਤੇ ਪਰ ਬਿੱਲ ਅਦਾ ਨਾ ਹੋਇਆ। ਇਸ ਲਈ ਅੱਜ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਤੋਂ ਇਲਾਵਾ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਿੰਡ ਭੱਟੀਆਂ ਦੇ ਸੇਵਾ ਕੇਂਦਰ ਦਾ ਵੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਦੂਸਰੇ ਪਾਸੇ ਮਾਛੀਵਾੜਾ ਸਬ-ਤਹਿਸੀਲ ’ਚ ਤਾਇਨਾਤ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਦੱਸਿਆ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।