ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 7 ਜੁਲਾਈ
ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇੜੇ ਸੜਕ ਹਾਦਸੇ ’ਚ ਮਾਛੀਵਾੜਾ ਦੇ ਨੌਜਵਾਨ ਗਿਆਨ ਸਿੰਘ (21) ਅਤੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਦੀ ਮੌਤ ਹੋ ਗਈ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਗੁਰਭਗਤ ਸਿੰਘ ਨਾਮਧਾਰੀ ਦਾ ਲੜਕਾ ਗਿਆਨ ਸਿੰਘ ਕੈਨੇਡਾ ਵਿਖੇ ਮਕੈਨੀਕਲ ਇੰਜਨੀਅਰ ਦੀ ਪੜ੍ਹਾਈ ਕਰਦਾ ਸੀ ਅਤੇ ਵੈਨਕੂਵਰ ਵਿਖੇ ਰਹਿੰਦਾ ਸੀ। ਉਹ ਕੱਲ ਆਪਣੇ ਦੋਸਤ ਨਾਲ ਕਾਰ ’ਤੇ ਸਵਾਰ ਹੋ ਕੇ ਘੁੰਮਣ ਲਈ ਗਿਆ ਅਤੇ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ, ਜਿਸ ਵਿਚ ਗਿਆਨ ਸਿੰਘ ਨਾਮਧਾਰੀ ਅਤੇ ਉਸ ਦਾ ਮੁਹਾਲੀ ਦਾ ਦੋਸਤ ਦੀ ਮੌਤ ਹੋ ਗਈ। ਕੈਨੇਡਾ ਪੁਲੀਸ ਵਲੋਂ ਹਾਦਸੇ ਤੋਂ ਬਾਅਦ ਲਾਸ਼ਾਂ ਤੋਂ ਮਿਲੇ ਪਹਿਚਾਣ ਪੱਤਰ ਦੇ ਅਧਾਰ ’ਤੇ ਉਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਗਈ।