ਪਾਲ ਸਿੰਘ ਨੌਲੀ
ਜਲੰਧਰ, 25 ਜੂਨ
ਪਿਆਰ ਲਈ ਸਰਹੱਦਾਂ ਵੀ ਮਾਅਨੇ ਨਹੀਂ ਰੱਖਦੀਆਂ। ਲਾਹੌਰ ਦੀ ਕੁੜੀ ਤੇ ਜਲੰਧਰ ਦਾ ਮੁੰਡਾ ਵਿਆਹ ਕਰਵਾਉਣ ਜਾ ਰਹੇ ਸਨ। ਵਿਆਹ ਦੀਆਂ ਤਿਆਰੀਆਂ ਜਲੰਧਰ ਦੀ ਬਸਤੀ ਬਾਵਾ ਖੇਲ ਵਿਚਲੀ ਮਧੂਬਨ ਕਲੋਨੀ ਦੇ ਰਹਿਣ ਵਾਲੇ ਕਮਲ ਕਲਿਆਣ ਦੇ ਘਰ ਵੀ ਹੋ ਰਹੀਆਂ ਸਨ ਤੇ ਸਰਹੱਦੋਂ ਪਾਰ ਲਾਹੌਰ ਵਿੱਚ ਵੀ। ਇਸ ਵਿਆਹ ਵਾਸਤੇ ਵੀਜ਼ਾ ਲੈਣ ਲਈ ਕਾਗਜ਼ 21 ਮਾਰਚ ਨੂੰ ਤਿਆਰ ਕਰ ਲਏ ਸਨ। ਜਦੋਂ ਅਗਲੇ ਦਿਨ ਕੋਰੀਅਰ ਕਰਨਾ ਸੀ ਤਾਂ ਜਨਤਾ ਕਰਫਿਊ ਲੱਗ ਗਿਆ। ਬਾਅਦ ਵਿੱਚ ਲੌਕਡਾਊਨ ਹੋ ਗਿਆ। ਕਰੋਨਾ ਦਾ ਕਹਿਰ ਅਜਿਹਾ ਵਾਪਰਿਆ ਕਿ ਲੌਕਡਾਊਨ ਕਾਰਨ ਸਾਰਾ ਕੁਝ ਠੱਪ ਹੋ ਕੇ ਰਹਿ ਗਿਆ।
ਕਮਲ ਕਲਿਆਣ ਦਾ ਕਹਿਣਾ ਹੈ ਕਿ ਉਹ ਆਪਣੀ ਮੰਗੇਤਰ ਸਮਾਈਲਾ ਨੂੰ ਪੰਜ ਸਾਲਾਂ ਤੋਂ ਫੋਨ ਜ਼ਰੀਏ ਹੀ ਜਾਣਦਾ ਹੈ। ਫੋਨ ’ਤੇ ਹੀ ਹੋਈ ਦੋਸਤੀ ਏਨੀ ਪੱਕੀ ਹੁੰਦੀ ਚਲੀ ਗਈ ਕਿ ਸਾਰਾ ਜੀਵਨ ਇਕੱਠਿਆਂ ਨਿਭਾਉਣ ਦਾ ਫੈਸਲਾ ਕਰ ਲਿਆ। ਉਸ ਨੇ ਦੱਸਿਆ ਕਿ ਜਦੋਂ ਪੁਲਵਾਮਾ ਹਮਲਾ ਹੋਇਆ ਸੀ ਤਾਂ ਦੋਹਾਂ ਦੇਸ਼ਾਂ ਵਿੱਚ ਕੁੜੱਤਣ ਵਧ ਗਈ ਸੀ। ਇਸ ਹਮਲੇ ਤੋਂ ਬਾਅਦ ਵੀ ਇੱਕ ਵਿਆਹ ਹੋਇਆ ਸੀ। ਜਦੋਂ ਲਾਹੌਰ ਦੀ ਇੱਕ ਲੜਕੀ ਇਧਰ ਵਿਆਹ ਕਰਵਾਉਣ ਲਈ ਆਈ ਸੀ। ਇਸ ਗੱਲ ਨੇ ਉਨ੍ਹਾਂ ਨੂੰ ਬਹੁਤ ਤਸੱਲੀ ਦਿੱਤੀ ਕਿ ਜੇ ਏਨੇ ਮਾੜੇ ਹਾਲਾਤ ਤੋਂ ਬਾਅਦ ਵੀ ਵਿਆਹ ਦੀ ਆਗਿਆ ਮਿਲ ਸਕਦੀ ਹੈ ਤਾਂ ਫਿਰ ਉਨ੍ਹਾਂ ਦਾ ਵਿਆਹ ਵੀ ਜ਼ਰੂਰ ਸਿਰੇ ਚੜ੍ਹੇਗਾ। ਲਾਹੌਰ ਤੋਂ ਸਮਾਈਲਾ ਨੇ ਵੀਡੀਓ ਕਾਲ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਖੁਦਾ ਅੱਗੇ ਆਪਣੀ ਫਰਿਆਦ ਰੱਖੀ ਹੈ। ਉਨ੍ਹਾਂ ਨੂੰ ਪੱਕੀ ਉਮੀਦ ਹੈ ਕਿ ਖੁਦਾ ਉਨ੍ਹਾਂ ਦੀ ਜ਼ਰੂਰ ਸੁਣੇਗਾ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖਿਆ ਗਿਆ ਹੈ।
ਬੈਂਕ ਤੋਂ ਸੇਵਾਮੁਕਤ ਕਮਲ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਦੋ ਮਾਸੀਆਂ ਪਾਕਿਸਤਾਨ ਰਹਿੰਦੀਆਂ ਹਨ। ਉਨ੍ਹਾਂ ਵਿੱਚੋਂ ਲਾਹੌਰ ਵਿਚਲੀ ਮਾਸੀ ਦੀ ਲੜਕੀ ਦੀ ਧੀ ਸਮਾਈਲਾ ਨਾਲ ਕਮਲ ਦਾ ਰਿਸ਼ਤਾ ਜੁੜਿਆ ਹੈ। ਸ਼ਰੀਕਾ ਭਾਈਚਾਰਾ ਪਹਿਲਾਂ ਇਸ ਵਿਆਹ ਲਈ ਮੰਨਦਾ ਨਹੀਂ ਸੀ। ਉਨ੍ਹਾਂ ਨੂੰ ਮਨਾਉਣ ਵਿੱਚ ਕਾਫ਼ੀ ਸਮਾਂ ਲੱਗ ਗਿਆ। ਪਹਿਲਾਂ ਚਾਰ ਜਣਿਆਂ ਨੇ ਵਿਆਹ ਵਾਸਤੇ ਲਾਹੌਰ ਜਾਣਾ ਸੀ ਪਰ ਲੌਕਡਾਊਨ ਲੱਗ ਗਿਆ। ਓਮ ਪ੍ਰਕਾਸ਼ ਨੇ ਪਾਕਿਸਤਾਨ ਵਿਚਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਵੀ ਤਾਂਘ ਪ੍ਰਗਟਾਈ। ਕਮਲ ਦੀ ਮਾਂ ਨੇ ਵੀ ਦੱਸਿਆ ਕਿ ਉਹ ਆਪਣੇ ਪੁੱਤ ਦੇ ਵਿਆਹ ਦੇ ਚਾਅ ਪੂਰੇ ਕਰਨਾ ਚਾਹੁੰਦੀ ਹੈ। ਉਹ ਲਾਹੌਰ ਤੋਂ ਆਉਣ ਵਾਲੀ ਆਪਣੀ ਨੂੰਹ ਦੀ ਵੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।