ਸੱਤਪਾਲ ਰਾਮਗੜ੍ਹੀਆ
ਪਿਹੋਵਾ, 26 ਜੂਨ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਾਰੇ ਲੋਕਾਂ ਕੋਲ ਆਪਣੇ ਪੱਕੇ ਮਕਾਨ ਹੋਣ, ਇਸ ਉਦੇਸ਼ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰ ਕੰਮ ਕਰ ਰਹੀ ਹੈ। ਕੇਂਦਰ ਅਤੇ ਪ੍ਰਦੇਸ਼ ਸਰਕਾਰ ਵੱਲੋਂ 2022 ਤੱਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ ਦਾ ਉਦੇਸ਼ ਰੱਖਿਆ ਗਿਆ ਹੈ। ਖੇਡ ਮੰਤਰੀ ਸੰਦੀਪ ਸਿੰਘ ਸ਼ੁੱਕਰਵਾਰ ਨੂੰ ਕੈਥਲ ਰੋਡ ’ਤੇ ਯਾਤਰਿਕਾ ਕੰਪਲੈਕਸ ਵਿੱਚ ਯੋਜਨਾ ਦਾ ਲਾਭਪਾਤਰੀਆਂ ਵਿੱਚ ਪਹਿਲੀ ਅਤੇ ਦੂਜੀ ਕਿਸ਼ਤ ਦੇ ਚੈੱਕ ਵੰਡ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ 12 ਲਾਭਪਾਤਰੀਆਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ ਗਏ। ਉਨ੍ਹਾਂ ਕਿਹਾ ਕਿ ਤਿੰਨ ਲੱਖ ਤੋਂ ਘੱਟ ਦੀ ਸਾਲਾਨਾ ਕਮਾਈ ਵਾਲੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਸਮੇਤ ਹੋਰ ਲੋਕ ਇਸ ਦਾ ਲਾਭ ਲੈ ਸਕਦੇ ਹਨ। ਅਜਿਹੇ ਪਰਿਵਾਰਾਂ ਨੂੰ ਘਰ ਦੀ ਉਸਾਰੀ ਲਈ ਹਾਉਸਿੰਗ ਲੋਨ ਦੇ ਵਿਆਜ਼ ’ਤੇ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 2015 ਵਿੱਚ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ 20 ਸਾਲਾਂ ਲਈ ਹੋਮ ਲੋਨ ’ਤੇ 6.5 ਫੀਸਦੀ ਦੀ ਵਿਆਜ਼ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੋ ਲੋਕ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਕਾਮਨ ਸਰਵਿਸ ਸੈਂਟਰ ’ਤੇ ਜਾ ਕੇ ਆਵੇਦਨ ਕਰ ਸਕਦੇ ਹਨ।