ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਜੁਲਾਈ
ਇਥੋਂ ਨਜ਼ਦੀਕ ਜੀਟੀ ਰੋਡ ਨਿੱਜਰਪੁਰਾ ਵਿਖੇ ਸਥਿਤ ਟੌਲ ਪਲਾਜ਼ਾ ਵਿੱਚ ਅੱਜ ਦੁਪਹਿਰੇ ਕਾਰ ਸਵਾਰ ਰਾਹਗੀਰ ਨਾਲ ਉੱਥੋਂ ਦੇ ਸੁਰੱਖਿਆ ਕਰਮੀ ਵੱਲੋਂ ਹੱਥੋਪਾਈ ਕੀਤੀ ਗਈ, ਜਿਸ ਕਾਰਨ ਮਾਮਲਾ ਵਿਗੜਦਾ ਵੇਖ ਕੇ ਮੌਕੇ ‘ਤੇ ਪੁਲੀਸ ਨੂੰ ਬੁਲਾਇਆ ਗਿਆ। ਕਾਰ ਸਵਾਰ ਸਵਿੰਦਰ ਸਿੰਘ, ਜੋ ਨਜ਼ਦੀਕੀ ਪਿੰਡ ਛੱਜਲਵਡੀ ਤੋਂ ਬਸਪਾ ਨੇਤਾ ਹਨ, ਨੇ ਦੱਸਿਆ ਦੁਪਹਿਰੇ ਕਰੀਬ ਬਾਰਾਂ ਵਜੇ ਉਹ ਆਪਣੇ ਬੇਟੇ ਦਿਲਪ੍ਰੀਤ ਸਿੰਘ ਨਾਲ ਅੰਮ੍ਰਿਤਸਰ ਤੋਂ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਨਿੱਜਰਪੁਰਾ ਟੌਲ ਪਲਾਜ਼ੇ ਉੱਪਰ ਪਹੁੰਚੇ ਤਾਂ ਉੱਥੇ ਫਾਸਟ ਟੈਗ ਦੀ ਸਕੈਨਿੰਗ ਵਿੱਚ ਮੁਸ਼ਕਿਲ ਆ ਰਹੀ ਸੀ। ਇਸ ਕਾਰਨ ਦੋਹਾਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਕਾਰਨ ਲੋਕਾਂ ਦੇ ਵਿਰੋਧ ’ਤੇ ਟੌਲ ਪਲਾਜ਼ਾ ਵਾਲਿਆਂ ਨੇ ਨਿਯਮਾਂ ਦੇ ਅਨੁਸਾਰ ਜ਼ਿਆਦਾ ਸਮਾਂ ਗੱਡੀਆਂ ਖੜ੍ਹੀਆਂ ਰਹਿਣ ’ਤੇ ਬਿਨਾਂ ਪਰਚੀ ਕੱਟਿਆ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਦੋਂ ਆਪਣੀ ਗੱਡੀ ਲੈ ਕੇ ਲੰਘਣ ਲੱਗੇ ਤਾਂ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਪਰਚੀ ਕਟਾਉਣ ਨੂੰ ਕਿਹਾ। ਇਸ ਕਾਰਨ ਬੋਲ-ਬੁਲਾਰਾ ਹੋ ਗਿਆ ਅਤੇ ਟੌਲ ਪਲਾਜ਼ਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਨਾਲ ਹੱਥੋਪਾਈ ਕੀਤੀ। ਮਾਮਲਾ ਵਿਗੜਦਾ ਵੇਖ ਕੇ ਮੌਕੇ ਉਪਰ ਪੁਲੀਸ ਨੂੰ ਬੁਲਾਇਆ ਗਿਆ ਅਤੇ ਜੰਡਿਆਲਾ ਗੁਰੂ ਦੀ ਪੁਲੀਸ ਨੇ ਪਹੁੰਚ ਕੇ ਟੌਲ ਪਲਾਜ਼ਾ ਦੇ ਸੁਰੱਖਿਆ ਕਰਮੀ ਕੋਲੋਂ ਮੁਆਫੀ ਮੰਗਵਾ ਕੇ ਮਾਮਲਾ ਸ਼ਾਂਤ ਕੀਤਾ। ਮੌਕੇ ਉੱਪਰ ਮੌਜੂਦ ਲੋਕਾਂ ਨੇ ਕਿਹਾ ਇਥੋਂ ਦੇ ਸੁਰੱਖਿਆ ਮੁਲਾਜ਼ਮ ਹਰ ਕਿਸੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ।