ਕੁਲਦੀਪ ਸਿੰਘ
ਚੰਡੀਗੜ੍ਹ, 26 ਜੂਨ
ਇਥੋਂ ਦੇ ਸੈਕਟਰ 22 ਵਿੱਚ ਰਹਿੰਦੇ ਸੱਤ ਮਹੀਨੇ ਦੇ ਬੱਚੇ ਅਤੇ ਬਾਪੂਧਾਮ ਕਲੋਨੀ ਦੀ 25 ਸਾਲਾਂ ਦੀ ਔਰਤ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਨੇ ਦੋਵੇਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸ਼ਹਿਰ ਦੇ 6 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪਿੰਡ ਖੁੱਡਾ ਜੱਸੂ ਦੇ 3 ਵਿਅਕਤੀ, ਮਨੀਮਾਜਰਾ ਵਾਸੀ ਅਤੇ ਬਾਪੂਧਾਮ ਕਲੋਨੀ ਦੇ ਦੋ ਵਿਅਕਤੀ ਸ਼ਾਮਲ ਹਨ। ਚੰਡੀਗੜ੍ਹ ਵਿੱਚ ਹੁਣ ਕਰੋਨਾ ਮਰੀਜ਼ਾਂ ਦੀ ਗਿਣਤੀ 425 ਹੋ ਗਈ ਹੈ ਜਿਨ੍ਹਾਂ ਵਿਚੋਂ 6 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਕਰੋਨਾ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 335 ਹੈ ਜਦਕਿ ਐਕਟਿਵ ਕੇਸ 83 ਹਨ।
ਰੂਪਨਗਰ (ਬਹਾਦਰਜੀਤ ਸਿੰਘ): ਅੱਜ ਰੂਪਨਗਰ ਸ਼ਹਿਰ ਦੇ ਗਾਂਧੀ ਨਗਰ ਇਲਾਕੇ ਵਿੱਚ ਦੋ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਪੀੜਤਾਂ ਵਿੱਚ 23 ਸਾਲਾਂ ਦਾ ਨੌਜਵਾਨ ਅਤੇ 47 ਸਾਲ ਦੀ ਔਰਤ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਦੇ 22 ਐਕਟਿਵ ਕੇਸ ਹਨ ਅਤੇ 306 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਡੇਰਾਬੱਸੀ (ਹਰਜੀਤ ਸਿੰਘ): ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਕਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਪੰਜ ਡੇਰਾਬੱਸੀ ਦੇ ਪਿੰਡ ਬੇਹੜਾ ਵਿਖੇ ਸਥਿਤ ਮੀਟ ਪਲਾਂਟ ਦੇ ਕਰਮੀ ਹਨ ਅਤੇ ਇਕ ਜ਼ੀਰਕਪੁਰ ਦੀ ਬਲਟਾਣਾ ਵਸਨੀਕ 29 ਸਾਲਾਂ ਦੀ ਲੜਕੀ ਸ਼ਾਮਲ ਹੈ ਜੋ ਚੰਡੀਗੜ੍ਹ ਪੀਜੀਆਈ ਵਿਖੇ ਨੌਕਰੀ ਕਰਦੀ ਹੈ। ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਸ਼ਹਿਰ ਵਿਚ ਅੱਜ ਇੱਕ ਹੋਰ ਵਿਅਕਤੀ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਐੱਸਡੀਐਮ (ਅਮਲੋਹ) ਆਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਦਸਮੇਸ਼ ਕਲੋਨੀ ਵਾਸੀ ਦੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਵਿਚ ਅੱਜ ਕਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ ਤਿੰਨ ਮਰੀਜ਼ ਅੰਬਾਲਾ ਸ਼ਹਿਰ ਦੀ ਪੁਰਾਣੀ ਬਕਰਾ ਮਾਰਕੀਟ ਦੇ ਵਸਨੀਕ ਹਨ। ਇਨ੍ਹਾਂ ਵਿਚ 30 ਸਾਲਾਂ ਦੀ ਮਹਿਲਾ, 5 ਸਾਲਾਂ ਦਾ ਬੱਚਾ ਅਤੇ 52 ਸਾਲਾਂ ਦੀ ਮਹਿਲਾ ਸ਼ਾਮਲ ਹਨ। ਇਹ ਤਿੰਨੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਸਨ। ਕੇਂਦਰੀ ਜੇਲ੍ਹ ਅੰਬਾਲਾ ਦਾ ਗੁਰੂਗਰਾਮ ਤੋਂ ਆਉਣ ਵਾਲਾ 47 ਸਾਲਾ ਕਰਮਚਾਰੀ ਵੀ ਪਾਜ਼ੇਟਿਵ ਮਿਲਿਆ ਹੈ।
ਕਰੋਨਾ ਕਾਰਨ ਸਵਾਮੀ ਮਹਾਂਦੇਵ ਦਾ ਦੇਹਾਂਤ
ਫ਼ਤਿਹਗੜ੍ਹ ਸਾਹਿਬ/ਬਸੀ ਪਠਾਣਾ (ਦਰਸ਼ਨ ਸਿੰਘ ਮਿੱਠਾ/ਅਜੈ ਮਲਹੋਤਰਾ): ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕਰੋਨਾ ਵਾਈਰਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਬ-ਡਵੀਜ਼ਨ ਬਸੀ ਪਠਾਣਾਂ ਵਿਚ ਸਥਿਤ ਊਸ਼ਾ ਮਾਤਾ ਮੰਦਿਰ, ਜੈ ਮਾਂ ਮਿਸ਼ਨ ਅਤੇ ਸਾਧੂ ਸਮਾਜ ਦੇ ਸੂਬਾਈ ਮੁਖੀ ਜੋਤੀ ਮਾਂ ਮਹਾਂਮੰਡਲੇਸ਼ਵਰ ਸਵਾਮੀ ਮਹਾਂਦੇਵ ਦਾ ਬੀਤੀ ਰਾਤ ਕਰੋਨਾ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਅਪੋਲੋ ਹਸਪਤਾਲ ਲੁਧਿਆਣਾ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਸ਼ਰਧਾਲੂ ਨੇ ਦੱਸਿਆ ਕਿ ਸਵਾਮੀ ਮਹਾਂਦੇਵ ਪਿਛਲੇ ਕਈ ਦਿਨਾਂ ਤੋਂ ਜੈ ਮਾਂ ਮਿਸ਼ਨ ਦੇ ਡੇਰਾ ਹਰਿਦੁਆਰ ਵਿਚ ਗਏ ਹੋਏ ਸਨ ਜਿਥੋਂ ਉਹ ਜੈ ਮਾਂ ਮਿਸ਼ਨ ਦੇ ਡੇਰਾ ਦਿੱਲੀ ਵਿਚ ਰਹਿਣ ਲਈ ਚਲੇ ਗਏ। ਉੱਥੇ ਕੁਝ ਦਿਨ ਰੁਕਣ ਤੋਂ ਬਾਅਦ ਉਹ ਪਿਛਲੇ ਹਫ਼ਤੇ ਕੁਰੂਕਸ਼ੇਤਰ ਡੇਰੇ ਚਲੇ ਗਏ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਆ ਕੇ ਕੁਰੂਕਸ਼ੇਤਰ ਰੁਕਣ ’ਤੇ ਉਨ੍ਹਾਂ ਨੂੰ ਬੁਖ਼ਾਰ ਦੀ ਸ਼ਿਕਾਇਤ ਹੋਈ ਜਿੱਥੋਂ ਉਹ ਸਿੱਧਾ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਏ ਤੇ ਉਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਇਸੇ ਹਸਪਤਾਲ ਵਿਚ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਊਨ੍ਹਾਂ ਦੀ ਮ੍ਰਿਤਕ ਦੇਹ ਦਾ ਲੁਧਿਆਣਾ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।