ਮੁੰਬਈ, 15 ਜੂਨ
ਦੇਸ਼ ਤੇ ਦੁਨੀਆਂ ਵਿੱਚ ਕਰੋਨਾਵਾਇਰਸ ਦੇ ਵਧਦੇ ਕਹਿਰ ਤੇ ਲਾਗ ਦੀ ਦੂਜੀ ਲਹਿਰ ਚੱਲਣ ਦੀਆਂ ਫਿਕਰਮੰਦੀਆਂ ਦਰਮਿਆਨ ਬੰਬਈ ਸ਼ੇਅਰ ਬਾਜ਼ਾਰ ਦੇ ਸੂਚਕ ਅੰਕ ਨੇ ਅੱਜ 552 ਅੰਕਾਂ ਦੀ ਗਿਰਾਵਟ ਦਰਜ ਕੀਤੀ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 159 ਅੰਕ ਡਿੱਗ ਗਿਆ। ਦਿਨ ਦੇ ਕਾਰੋਬਾਰ ਦੌਰਾਨ 857 ਨੁਕਤਿਆਂ ਦੇ ਨਿਘਾਰ ਮਗਰੋਂ 30 ਸੇ਼ਅਰਾਂ ਵਾਲਾ ਸੂਚਕ ਅੰਕ 552.09 ਅੰਕਾਂ ਦੇ ਗੋਤੇ ਨਾਲ 33,228.80 ਅੰਕਾਂ ’ਤੇ ਬੰਦ ਹੋਇਆ। ਨਿਫਟੀ 1.60 ਫੀਸਦ ਦੇ ਨਿਘਾਰ ਨਾਲ 9813.70 ’ਤੇ ਬੰਦ ਹੋਇਆ। ਸੱਤ ਫੀਸਦ ਨਾਲ ਸਭ ਤੋਂ ਵੱਡੀ ਸੱਟ ਇੰਡਸਇੰਡ ਬੈਂਕ ਦੇ ਸੇ਼ਅਰਾਂ ਨੂੰ ਵੱਜੀ। ਇਸ ਤੋਂ ਇਲਾਵਾ ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਬਜਾਜ ਫਾਇਨਾਂਸ ਤੇ ਐੱਚਡੀਐੱਫਸੀ ਬੈਂਕ ਆਦਿ ਦੇ ਸ਼ੇਅਰਾਂ ਦੇ ਭਾਅ ਵੀ ਘੱਟ ਗਏ।