ਰਾਮ ਗੋਪਾਲ ਰਾਏਕੋਟੀ
ਰਾਏਕੋਟ , 30 ਜੁਲਾਈ
ਸਥਾਨਕ ਗੁਰੀਲਾ ਨਗਰ ਰਾਏਕੋਟ ਵਿੱਚ ਇੱਕ ਮੀਟਿੰਗ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਤੇ ਕਾਮਰੇਡ ਜਤਿੰਦਰਪਾਲ ਸਿੰਘ ਵਿਸੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਮੌਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਕੇ ਭਾਰਤ ਦੇ ਕਰੋੜਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਬਲੀ ਦਿੱਤੀ ਜਾ ਰਹੀ ਹੈ। ਕਰੋਨਾ ਮਹਾਮਾਰੀ ਦੀ ਆੜ ਹੇਠ ਲੋਕਾਂ ਦੇ ਸੰਘਰਸ਼ ਨੂੰ ਦਬਾਇਆ ਜਾ ਰਿਹਾ।
ਮੀਟਿੰਗ ਉਪਰੰਤ ਸੀਟੂ ਆਗੂਆਂ ਨੇ ਸਥਾਨਕ ਲੁਧਿਆਣਾ-ਬਠਿੰਡਾ ਮਾਰਗ ’ਤੇ ਬਿਜਲੀ ਮੁਆਫੀ ਸਕੀਮ ਦਾ ਲਾਭ ਉਠਾ ਰਹੇ ਗਰੀਬ ਪਰਿਵਾਰਾਂ ਨੂੰ ਮੋਟੀਆਂ ਰਕਮਾਂ ਦੇ ਭੇਜੇ ਗਏ ਬਿੱਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਰਘੁਨਾਥ ਸਿੰਘ ਨੇ ਕਿਹਾ ਕਿ ਸੀਟੂ ਵਲੋਂ ਸਾਰੇ ਸਾਮਾਨ ਵਿਚਾਰਾਂ ਵਾਲੇ ਸੰਗਠਨਾਂ ਨਾਲ ਤਾਲਮੇਲ ਕਰਕੇ 9 ਅਗਸਤ ਨੂੰ ਜ਼ਿਲ੍ਹਾ ਕੇਂਦਰਾਂ ਉੱਤੇ ਸੱਤਿਆਗ੍ਰਹਿ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਵੀ ਹਜ਼ਾਰਾਂ ਕਿਰਤੀ ਕਾਮੇ ਸ਼ਾਮਿਲ ਹੋਣਗੇ। ਇਸ ਮੌਕੇ ਪ੍ਰਕਾਸ਼ ਸਿੰਘ ਬਰਮੀ, ਰਾਜਜਸਵੰਤ ਸਿੰਘ ਜੋਗਾ, ਕਰਮਜੀਤ ਸਿੰਘ ਸਨੀ, ਪਿਰਤਪਾਲ ਬਿੱਟਾ, ਮਨਦੀਪ ਜੌਹਲਾਂ, ਆਦਿ ਸੀਟੂ ਵਰਕਰ ਹਾਜ਼ਰ ਸਨ।