ਪਟਨਾ, 4 ਸਤੰਬਰ
ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਪਾਰਟੀ ਐਚਏਐਮ (ਐੱਸ) ਦਾ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਨਾਲ ਟਕਰਾਅ ਮੁੜ ਉੱਭਰ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਮਾਂਝੀ ਦੀ ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰਾਮ ਵਿਲਾਸ ਪਾਸਵਾਨ ਦੀ ਪਾਰਟੀ ਐਲਜੇਪੀ, ਜੇਡੀ(ਯੂ) ਵਿਰੁੱਧ ਨਾਮਜ਼ਦਗੀ ਭਰਦੀ ਹੈ ਤਾਂ ਉਹ ਵੀ ਐਲਜੇਪੀ ਖ਼ਿਲਾਫ਼ ਉਮੀਦਵਾਰ ਉਤਾਰਨਗੇ। ਉੱਭਰ ਰਹੇ ਸਿਆਸੀ ਸਮੀਕਰਨ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਉਥਲ-ਪੁਥਲ ਦੇ ਸੰਕੇਤ ਦੇ ਰਹੇ ਹਨ।
ਐਲਜੇਪੀ ਭਾਜਪਾ ਦੀ ਤਾਂ ਭਾਈਵਾਲ ਹੈ ਪਰ ਬਿਹਾਰ ਦੀ ਜੇਡੀ(ਯੂ)-ਭਾਜਪਾ ਗੱਠਜੋੜ ਸਰਕਾਰ ਦਾ ਹਿੱਸਾ ਨਹੀਂ ਹੈ। ਵਿਧਾਨ ਸਭਾ ਚੋਣਾਂ ਅਕਤੂਬਰ-ਨਵੰਬਰ ਵਿਚ ਹੋਣ ਜਾ ਰਹੀਆਂ ਹਨ। ਰਾਮ ਵਿਲਾਸ ਦੇ ਪੁੱਤਰ ਚਿਰਾਗ ਪਾਸਵਾਨ ਜੋ ਕਿ ਹੁਣ ਪਾਰਟੀ ਦੀ ਅਗਵਾਈ ਕਰ ਰਹੇ ਹਨ, ਅਕਸਰ ਨਿਤੀਸ਼ ਕੁਮਾਰ ਸਰਕਾਰ ਦੀ ਨਿਖੇਧੀ ਕਰਦੇ ਦੇਖੇ ਗਏ ਹਨ। ਕੁਝ ਰਿਪੋਰਟਾਂ ਮੁਤਾਬਕ ਮਾਂਝੀ ਦੀ ਹਿੰਦੁਸਤਾਨੀ ਅਵਾਮ ਮੋਰਚਾ (ਐੱਸ) ਦੇ ਐਨਡੀਏ ਵਿਚ ਪਰਤਣ ਤੋਂ ਐਲਜੇਪੀ ਖ਼ੁਸ਼ ਨਹੀਂ ਹੈ। ਇਸ ਲਈ ਹੁਣ ਜੇਡੀ (ਯੂ) ਖ਼ਿਲਾਫ਼ ਉਮੀਦਵਾਰ ਉਤਾਰਨ ਬਾਰੇ ਸੋਚ ਰਹੀ ਹੈ। ਸੂਬੇ ਦੀ 16 ਪ੍ਰਤੀਸ਼ਤ ਦਲਿਤ ਆਬਾਦੀ ਐਲਜੇਪੀ ਤੇ ਮੋਰਚਾ ਨਾਲ ਜੁੜੀ ਹੋਈ ਹੈ। ਐਚਏਐਮ (ਐੱਸ) ਨੇ ਕਿਹਾ ਹੈ ਕਿ ਉਹ ਨਿਤੀਸ਼ ਦੇ ਸਮਰਥਨ ਲਈ ਐਨਡੀਏ ਵਿਚ ਆਏ ਹਨ, ਟਿਕਟਾਂ ਲਈ ਨਹੀਂ। ਪਰ ਜੇ ਚਿਰਾਗ ਇਸੇ ਤਰ੍ਹਾਂ ਧਮਕੀਆਂ ਦਿੰਦੇ ਰਹਿਣਗੇ ਤਾਂ ਉਹ ਵੀ ਐਲਜੇਪੀ ਖ਼ਿਲਾਫ਼ ਉਮੀਦਵਾਰ ਉਤਾਰ ਦੇਣਗੇ। ਐਲਜੇਪੀ ਦੀ ਸੂਬਾਈ ਸੰਸਦੀ ਬੋਰਡ ਦੀ ਮੀਟਿੰਗ ਸੱਤ ਸਤੰਬਰ ਨੂੰ ਹੈ। ਸੰਕੇਤ ਮਿਲ ਰਹੇ ਹਨ ਕਿ ਇਸ ਵਿਚ ਜੇਡੀ(ਯੂ) ਨਾਲ ‘ਦੋਸਤਾਨਾ ਮੁਕਾਬਲੇ’ ਦੇ ਮੁੱਦੇ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਭਾਜਪਾ ਮਾਂਝੀ ਦੀ ਵਾਪਸੀ ਤੋਂ ਖ਼ੁਸ਼ ਹੈ। -ਪੀਟੀਆਈ