ਅਟਲਾਂਟਾ (ਯੂਐੱਸ): ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜੌਹਨ ਲੂਈ ਨੂੰ ਲੋਕ ਬਿਹਤਰ ਅਮਰੀਕਾ ਦੇ ‘ਬਾਨੀ’ ਵਜੋਂ ਯਾਦ ਕਰ ਰਹੇ ਹਨ। ਉਨ੍ਹਾਂ ਦਾ ਦੇਹਾਂਤ 80 ਸਾਲ ਦੀ ਉਮਰ ’ਚ 17 ਜੁਲਾਈ ਨੂੰ ਹੋ ਗਿਆ ਸੀ ਅਤੇ ਬੀਤੇ ਦਿਨ ਅਮਰੀਕਾ ਦੇ ਤਿੰਨ ਸਾਬਕਾ ਰਾਸ਼ਟਰਪਤੀਆਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਕਰੀਬ ਇੱਕ ਹਫ਼ਤਾ ਲੂਈ ਦੀ ਦੇਹ ਅਲਬਾਮਾ ’ਚ ਉਨ੍ਹਾਂ ਦੇ ਜਨਮ ਸਥਾਨ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਤੇ ਫਿਰ ਅਟਲਾਂਟਾ ’ਚ ਰੱਖੀ ਗਈ ਤਾਂ ਜੋ ਲੋਕ ਉਨ੍ਹਾਂ ਨੂੰ ਆਖਰੀ ਵਿਦਾਈ ਦੇ ਸਕਣ। ਲੂਈ ਨੇ ਆਪਣੇ ਆਖਰੀ ਦਿਨਾਂ ’ਚ ਇੱਕ ਲੇਖ ਲਿਖਿਆ ਸੀ ਜਿਸ ਨੂੰ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ’ਚ ਆਪਣੀ ਆਖਰੀ ਵਿਦਾਈ ਵਾਲੇ ਦਿਨ ਪ੍ਰਕਾਸ਼ਿਤ ਕਰਨ ਨੂੰ ਕਿਹਾ ਸੀ। ਇਸ ਲੇਖ ’ਚ ਉਨ੍ਹਾਂ ਨਵੀਂ ਪੀੜ੍ਹੀ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਹੁਣ ਨਫ਼ਰਤ ਨੂੰ ਖਤਮ ਕੀਤਾ ਜਾਵੇ।
-ਏਪੀ