ਨਵੀਂ ਦਿੱਲੀ, 22 ਅਗਸਤ
ਸੁਪਰੀਮ ਕੋਰਟ ਨੇ 1992 ’ਚ ਅਯੁੱਧਿਆ ’ਚ ਬਾਬਰੀ ਮਜਸਿਤ ਢਾਹੇ ਜਾਣ ਦੇ ਮਾਮਲੇ ’ਚ ਕੇਸ ਦੀ ਕਾਰਵਾਈ ਪੂਰੀ ਕਰਨ ਲਈ ਸਮਾਂ ਸੀਮਾ ਇੱਕ ਮਹੀਨਾ ਵਧਾ ਦਿੱਤੀ ਹੈ ਅਤੇ ਕਿਹਾ ਕਿ 30 ਸਤੰਬਰ ਤੱਕ ਫ਼ੈਸਲਾ ਸੁਣਾ ਦਿੱਤਾ ਜਾਣਾ ਚਾਹੀਦਾ ਹੈ। ਮਾਮਲੇ ’ਚ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ 32 ਲੋਕ ਮੁਲਜ਼ਮ ਹਨ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਸ ਦੀ ਕਾਰਵਾਈ ਮੁਕੰਮਲ ਕਰਨ ਤੇ ਫ਼ੈਸਲਾ ਸੁਣਾਉਣ ਲਈ 31 ਅਗਸਤ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਸੀ। ਜਸਟਿਸ ਆਰਐਫ ਨਰੀਮਨ, ਜਸਟਿਸ ਨਵੀਨ ਸਿਨਹਾ ਅਤੇ ਜਸਟਿਸ ਇੰਦਰਾ ਬੈਨਰਜੀ ’ਤੇ ਆਧਾਰਿਤ ਬੈਂਚ ਨੇ ਵਿਸ਼ੇਸ਼ ਜੱਜ ਐੱਸਕੇ ਯਾਦਵ ਵੱਲੋਂ ਦਾਇਰ ਕੀਤੀ ਗਈ ਰਿਪੋਰਟ ਨੋਟਿਸ ਲਿਆ ਤੇ ਸਮਾਂ ਸੀਮਾ 30 ਸਤੰਬਰ ਤੱਕ ਵਧਾ ਦਿੱਤੀ ਹੈ।