ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਇਥੋਂ ਦੇ ਸਿਵਲ ਹਸਪਤਾਲ ਦਾ ਜ਼ੱਚਾ-ਬੱਚਾ ਵਿੱਚ ਜਣੇਪੇ ਲਈ ਆਈ ਔਰਤ ਨੂੰ ਬੈੱਡ ਨਾ ਮਿਲਣ ਕਾਰਨ ਉਸ ਨੇ ਪਾਰਕਿੰਗ ’ਚ ਰਾਤ ਗੁਜ਼ਾਰੀ। ਇੱਕ ਹੋਰ ਔਰਤ ਵੱਲੋਂ ਜਣੇਪੇ ਮਗਰੋਂ ਸ਼ਗਨ ਨਾ ਦੇਣ ਤੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰਨ ਦੀ ਧਮਕੀ ਤੋਂ ਵਿਵਾਦ ਇਨ੍ਹਾਂ ਵੱਧ ਕੇ ਲੰਘੀ ਅੱਧੀ ਰਾਤ ਲੋਕਾਂ ਨੇ ਹਸਪਤਾਲ ’ਚ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਥੇ ਜਣੇਪੇ ਲਈ ਆਈ ਪਿੰਡ ਰਣੀਆਂ ਦੀ ਪਰਮਜੀਤ ਕੌਰ ਨੂੰ ਲੰਘੀ ਰਾਤ ਜ਼ੱਚਾ-ਬੱਚਾ ਵਾਰਡ ’ਚ ਬੈੈੱਡ ਨਾ ਮਿਲਣ ਕਾਰਨ ਉਸ ਨੇ ਰਾਤ ਪਾਰਕਿੰਗ ’ਚ ਗੁਜ਼ਾਰੀ। ਉਸ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਫ਼ਾਈਲ ਜਮਾਂ ਹੋ ਚੁੱਕੀ ਹੈ ਅਤੇ ਉਸ ਨੂੰ ਜਣੇਪੇ ਲਈ ਸਨਿਚਰਵਾਰ ਸਵੇਰ ਦਾ ਸਮਾਂ ਦਿੱਤਾ ਗਿਆ ਹੈ। ਰਾਤ ਵੇਲੇ ਕਿਸੇ ਤਕਲੀਫ਼ ਦੇ ਮੱਦੇਨਜਰ ਅਤੇ ਪਿੰਡ ਦੂਰ ਹੋਣ ਕਰਕੇ ਉਹ ਹਸਪਤਾਲ ਦਾਖ਼ਲ ਹੋਣ ਲਈ ਸ਼ਾਮ ਨੂੰ ਆਈ ਸੀ। ਹਸਪਤਾਲ ਸਟਾਫ਼ ਨੇ ਕਿਹਾ ਕਿ ਉਹ ਰਾਤ ਜਿਥੇ ਮਰਜ਼ੀ ਕੱਟਣ ਉਨ੍ਹਾਂ ਕੋਲ ਬੈੱਡ ਨਹੀਂ ਹੈ। ਇਸ ਦੌਰਾਨ ਹੀ ‘ਆਪ’ ਆਗੂ ਅਮਿਤ ਪੁਰੀ ਦੀ ਰਿਸ਼ਤੇਦਾਰ ਰਾਜਵਿੰਦਰ ਕੌਰ ਦਾ ਸਰਕਾਰੀ ਹਸਪਤਾਲ’ਚ ਜਣੇਪਾ ਹੋਇਆ ਸੀ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ।
ਇਸ ਮੌਕੇ ਔਰਤ ਦੇ ਸਰੀਰ ’ਚ ਖੂਨ ਦੀ ਕਮੀ ਹੋ ਗਈ ਅਤੇ ਸਿਰਫ਼ 4 ਗ੍ਰਾਮ ਖੂਨ ਰਹਿ ਗਿਆ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਹ ਮਰੀਜ਼ ਦੀ ਹਾਲਤ ਬਾਰੇ ਸਟਾਫ਼ ਤੋਂ ਪੁੱਛਣ ਜਾਣ ਲੱਗੇ ਤਾਂ ਸੁਰੱਖਿਆ ਗਾਰਡ ਨੇ ਉਨ੍ਹਾਂ ਨਾਲ ਕਥਿਤ ਦੁਰਵਿਵਹਾਰ ਕੀਤਾ। ਇਸ ਦੌਰਾਨ ਉਨ੍ਹਾਂ ਬੱਚਾ ਦੇਖਣ ਲਈ ਸਟਾਫ਼ ਨੂੰ ਆਖਿਆ ਤਾਂ ਉਨ੍ਹਾਂ ਕੋਲੋਂ ਮਠਿਆਈ ਦਾ ਡੱਬਾ ਤੇ 11 ਸੌ ਰੁਪਏ ਸ਼ਗਨ ਦੀ ਮੰਗ ਕੀਤੀ। ਉਨ੍ਹਾਂ 500 ਰੁਪਏ ਦੇ ਦਿੱਤੇ ਪਰ ਸਟਾਫ਼ ਖੁਸ਼ ਨਾ ਹੋਇਆ ਤਾਂ ਵਿਵਾਦ ਵੱਧ ਗਿਆ। ਰਾਤ ਤਕਰੀਬਨ 11 ਵਜੇ ’ਆਪ’ ਦੇ ਹੋਰ ਕਾਰਕੁਨ ਉਥੇ ਪਹੁੰਚ ਗਏ ਅਤੇ ਹਸਪਤਾਲ’ਚ ਧਰਨਾ ਸ਼ੁਰੂ ਕਰਕੇ ਨਾਅਰੇਬਾਜ਼ੀ ਸ਼ੁਰੂ ਹੋ ਗਈ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਸਾਂਤ ਕੀਤਾ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅਤਰੀ ਨੇ ਕਿਹਾ ਕਿ ਸੁਰੱਖਿਆ ਗਾਰਡ ਦੀ ਜ਼ੱਚਾ ਬੱਚਾ ਵਾਰਡ ’ਚੋਂ ਹੋਰ ਥਾਂ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਜਣੇਪਾ ਲਈ ਆਈ ਔਰਤ ਨੂੰ ਬੈੱਡ ਨਾ ਮਿਲਣ ਉੱਤੇ ਕਿਹਾ ਕਿ ਹਸਪਤਾਲ ’ਚ ਮੋਗਾ ਤੋਂ ਇਲਾਵਾ ਫ਼ਿਰੋਜ਼ਪੁਰ ਤੇ ਲੁਧਿਆਣਾ ਜ਼ਿਲ੍ਹਿਆਂ ਦੀ ਹੱਦ ਨਾਲ ਲਗਦੇ ਪਿੰਡਾਂ ’ਚੋਂ ਜਣੇਪਾ ਕੇਸ ਆਉਣ ਨਾਲ ਕਈ ਵਾਰ ਮੁਸ਼ਕਲ ਆ ਜਾਂਦੀ ਹੈ। ਇਸ ਵਰ੍ਹੇ ਪੋਹ-ਮਾਘ ਮਹੀਨੇ ’ਚ ਸਟਾਫ਼ ਦੀ ਕਥਿਤ ਲਾਪ੍ਰਵਾਹੀ ਨਾਲ ਔਰਤ ਦਾ ਫ਼ਰਸ਼ ਉੱਤੇ ਹੀ ਜਣੇਪਾ ਹੋ ਗਿਆ ਸੀ। ਇਸ ਮੌਕੇ ਔਰਤਾਂ ਨੇ ਹੀ ਪੀੜਤ ਨੂੰ ਸਾਂਭਿਆ ਸੀ ਅਤੇ ਹਸਪਤਾਲ ਸਟਾਫ਼ ਹੀਟਰ ਲਗਾਕੇ ਸੌ ਗਿਆ ਸੀ। ਇਸ ਲਾਪ੍ਰਵਾਹੀ ਕਾਰਨ ਬੱਚੇ ਦੀ ਠੰਢ ਨਾਲ ਨਮੂਨੀਆ ਹੋਣ ਉੱਤੇ ਮੌਤ ਹੋ ਗਈ ਸੀ।