ਪੱਤਰ ਪ੍ਰੇਰਕ
ਭਵਾਨੀਗੜ੍ਹ, 31 ਜੁਲਾਈ
ਭੈਣ ਅਤੇ ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਵਿੱਚ ਭਾਵੇਂ ਅਜੇ ਕੁੱਝ ਦਿਨ ਰਹਿੰਦੇ ਹਨ, ਪਰ ਬਾਜ਼ਾਰ ’ਚ ਬਿਸਕੁਟ ਬਣਾਉਣ ਵਾਲੀਆਂ ਦੁਕਾਨਾਂ ’ਤੇ ਖੂਬ ਰੌਣਕਾਂ ਲੱਗ ਗਈਆਂ ਹਨ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ’ਚ ਖਾਸ ਕਰਕੇ ਔਰਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਰੋਨਾ ਵਰਗੀ ਭਿਆਨਕ ਬੀਮਾਰੀ ਦੇ ਬਾਵਜੂਦ ਲੋਕਾਂ ਨੇ ਰੱਖੜੀ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੀਵਾਲੀ ਅਤੇ ਹੋਰ ਤਿਉਹਾਰਾਂ ਵਾਂਗ ਇਸ ਤਿਉਹਾਰ ਮੌਕੇ ਵੀ ਲੋਕ ਆਪਣੀਆਂ ਵਿਆਹੁਤਾ ਲੜਕੀਆਂ ਨੂੰ ਉਨ੍ਹਾਂ ਦੇ ਸਹੁਰੇ ਪਿੰਡ ਜਾ ਕੇ ਮਿਠਾਈ, ਫਲ ਅਤੇ ਕੱਪੜੇ ਵਗੈਰਾ ਸੰਧਾਰੇ ਦੇ ਰੂਪ ਵਿੱਚ ਦੇ ਕੇ ਆਉਂਦੇ ਹਨ। ਪਰ ਇਹ ਸੰਧਾਰਾ ਆਪ ਬਣਵਾਏ ਹੋਏ ਬਿਸਕੁਟਾਂ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਸ ਲਈ ਲੋਕ ਕਈ ਦਿਨ ਪਹਿਲਾਂ ਤੋਂ ਹੀ ਬਿਸਕੁਟ ਬਣਵਾਉਣ ਲਈ ਚੀਨੀ, ਆਟਾ, ਦੁੱਧ ਅਤੇ ਘਿਓ ਲੈ ਕੇ ਦੁਕਾਨਾਂ ’ਤੇ ਪਹੁੰਚ ਜਾਂਦੇ ਹਨ। ਮੀਂਹ ਅਤੇ ਕਰੋਨਾ ਦੇ ਬਾਵਜੂਦ ਅੱਜ ਸ਼ਹਿਰ ਅੰਦਰ ਬਿਸਕੁਟਾਂ ਦੀਆਂ ਦੁਕਾਨਾਂ ਅੱਗੇ ਲੋਕ ਪੀਪੇ ਅਤੇ ਹੋਰ ਬਰਤਨਾਂ ਨੂੰ ਲੰਬੀਆ ਲਾਈਨਾਂ ਵਿੱਚ ਰੱਖ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਇੱਕ ਦੁਕਾਨ ਅੱਗੇ ਜ਼ਿਆਦਾਤਰ ਨੇੜਲੇ ਪਿੰਡਾਂ ਵਿੱਚੋਂ ਆਈਆਂ ਔਰਤਾਂ ਨੇ ਦੱਸਿਆ ਕਿ ਆਪਣੇ ਸਾਮਾਨ ਨਾਲ ਬਣਵਾਏ ਬਿਸਕੁਟ ਕੁਆਲਟੀ ਪੱਖੋਂ ਵਧੀਆ ਅਤੇ ਸੁਆਦ ਬਣਦੇ ਹਨ। ਭੈਣਾਂ ਵੀ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਦੀਆਂ ਹਨ।