ਉੱਤਮਵੀਰ ਸਿੰਘ ਦਾਊਂ
ਸੁਨੱਖੀ ਦਿੱਖ, ਤਿੱਖੇ ਨੈਣ-ਨਕਸ਼, ਬਲੌਰੀ ਅੱਖਾਂ ਤੇ ਪੋਚ ਕੇ ਬੰਨ੍ਹੀ ਪੱਗ ਵਾਲੇ ਪਹਿਲਾਂ ਸਾਹਿਤਕਾਰ ਤੇ ਮਗਰੋਂ ਪੰਜਾਬੀ ਗੀਤਕਾਰੀ ’ਚ ਪ੍ਰਵੇਸ਼ ਕਰਨ ਵਾਲੇ ਸ਼ਖ਼ਸ ਸ਼ਮਸ਼ੇਰ ਸੰਧੂ ਨੂੰ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ। ਉਸ ਨੇ ਪ੍ਰੋਫੈਸਰੀ ਤੋਂ ਪੱਤਰਕਾਰੀ ਤਕ ਅਤੇ ਕਹਾਣੀਕਾਰ ਤੋਂ ਗੀਤਕਾਰ ਬਣਨ ਦੇ ਸਫ਼ਰ ਦੌਰਾਨ ਤਨ ਤੇ ਮਨ ਰਾਹੀਂ ਜ਼ਿੰਦਗੀ ਦੇ ਕਈ ਪੜਾਵਾਂ ਨੂੰ ਤੈਅ ਕੀਤਾ। ਉਸ ਦੀ ਸ਼ਖ਼ਸੀਅਤ ਵਿਚੋਂ ਇਕ ਖ਼ਾਸ ਕਿਸਮ ਦੀ ਮਿਕਨਾਤੀਸੀ ਖਿੱਚ ਮਹਿਸੂਸ ਹੁੰਦੀ ਹੈ ਕਿਉਂਕਿ ਉਸ ਦੀ ਤੱਕਣੀ ਤੇ ਗੱਲਬਾਤ ਕਰਨ ਦਾ ਸਲੀਕਾ ਕਿਤੇ ਵੀ ਸੁਣਨ-ਦੇਖਣ ਵਾਲੇ ਨੂੰ ਨਾ ਅਕਾਉਂਦਾ ਹੈ ਤੇ ਨਾ ਹੀ ਥਕਾਉਂਦਾ ਹੈ। ਉਸ ਕੋਲ ਪੰਜਾਬੀ ਸੰਗੀਤ ਜਗਤ ਤੇ ਫ਼ਿਲਮ ਖੇਤਰ ਨਾਲ ਜੁੜੀਆਂ ਯਾਦਾਂ ਤੇ ਗੱਲਾਂ ਦਾ ਅਥਾਹ ਭੰਡਾਰ ਹੈ। ਉਹ ਅਜਿਹਾ ਪਹਿਲਾ ਗੀਤਕਾਰ ਹੈ, ਜਿਸ ਨੇ ਗੀਤਕਾਰੀ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ। ਉਸਦੇ ਰਚੇ ਕਈ ਗੀਤ ਅੱਜ ਲੋਕ-ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ।
ਉਸ ਨੇ ‘ਪੰਜਾਬੀ ਟ੍ਰਿਬਿਊਨ’ ਅਦਾਰੇ ਵਿਚ ਤਿੰਨ ਦਹਾਕੇ ਤੋਂ ਵੱਧ ਸਮਾਂ ਬਤੌਰ ਸਬ-ਐਡੀਟਰ ਤੇ ਚੀਫ ਸਬ-ਐਡੀਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਸ਼ਮਸ਼ੇਰ ਸੰਧੂ ਦੀ ਜੋ ਪਹਿਲੀ ਰਚਨਾ ਰਿਕਾਰਡ ਹੋਈ, ਉਹ ਸੁਰਿੰਦਰ ਛਿੰਦਾ ਦੀ ਆਵਾਜ਼ ’ਚ ਜਾਨੀ ਚੋਰ ਦੇ ਕਿੱਸੇ ’ਤੇ ਆਧਾਰਿਤ ਸੀ। ਇਹ ਰਚਨਾ ਕਿੱਸਾ ਆਧਾਰਿਤ ਹੋਣ ਕਰਕੇ ਉਹ ਇਸ ਨੂੰ ਮੌਲਿਕ ਨਹੀਂ ਮੰਨਦਾ, ਪਰ ਇਸੇ ਦੌਰਾਨ ਉਸ ਦਾ ਗੀਤ ‘ਗਾਉਣ ਵਾਲਿਆਂ ਨੂੰ ਡਿਸਕੋ ਬੁਖ਼ਾਰ ਹੋ ਗਿਆ’ ਸਰਦੂਲ ਸਿਕੰਦਰ ਦੀ ਆਵਾਜ਼ ’ਚ ਰਿਕਾਰਡ ਹੋ ਕੇ ਸਰੋਤਿਆਂ ਸਾਹਮਣੇ ਆਇਆ, ਜੋ ਹਿੱਟ ਸਾਬਤ ਹੋਇਆ। ਇਸ ਗੀਤ ਨੇ ਹੀ ਉਸ ਦੀ ਲੋਕਾਂ ਤੇ ਕਲਾਕਾਰ ਭਾਈਚਾਰੇ ’ਚ ਪਛਾਣ ਬਣਾਈ। ਉਸ ਨੇ ਦਾਰਾ ਸਿੰਘ ਦੀ ਪੰਜਾਬੀ ਫ਼ਿਲਮ ‘ਰੱਬ ਦੀਆਂ ਰੱਖਾਂ’ ਤੇ ਹੋਰ ਫ਼ਿਲਮਾਂ ਲਈ ਦ੍ਰਿਸ਼ ਦੀ ਮੰਗ ਅਨੁਸਾਰ ਗੀਤ ਲਿਖੇ, ਜੋ ਬਹੁਤ ਸਰਾਹੇ ਗਏ। ਉਸ ਨੇ ਢਾਡੀ ਦੀਦਾਰ ਸਿੰਘ ਰਟੈਂਡਾ, ਸੋਹਣ ਸਿੰਘ ਸੀਤਲ, ਅਮਰ ਸਿੰਘ ਸ਼ੌਂਕੀ, ਲੋਕ-ਗਾਇਕ ਲਾਲ ਚੰਦ ਯਮਲਾ ਜੱਟ, ਚਾਂਦੀ ਰਾਮ ਚਾਂਦੀ ਤੋਂ ਲੈ ਕੇ ਮੌਜੂਦਾ ਦੌਰ ਤਕ ਦਸ ਪੀੜ੍ਹੀਆਂ ਦੀ ਗਾਇਕੀ ਨੂੰ ਨੇੜਿਓਂ ਹੰਢਾਇਆ ਹੈ। ਜੇ ਉਸ ਦੇ ਗੀਤਾਂ ਨੂੰ ਗਾਉਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਸੂਚੀ ਬੜੀ ਲੰਮੀ ਹੈ, ਪਰ ਮੁੱਖ ਤੌਰ ’ਤੇ ਕੁਝ ਨਾਮਵਰ ਕਲਾਕਾਰਾਂ ਦੀ ਗੱਲ ਕਰਨੀ ਤਾਂ ਬਣਦੀ ਹੀ ਹੈ। ਜਿਵੇਂ ਹੰਸ ਰਾਜ ਹੰਸ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਰਦਾਸ ਮਾਨ, ਸਰਦੂਲ ਸਿਕੰਦਰ-ਅਮਰ ਨੂਰੀ, ਸੁਰਿੰਦਰ ਕੌਰ, ਆਸ਼ਾ ਭੋਸਲੇ, ਅਨੁਰਾਧਾ ਪੌਡਵਾਲ, ਜਗਮੋਹਨ ਕੌਰ, ਨਰਿੰਦਰ ਬੀਬਾ, ਸਰਬਜੀਤ ਕੋਕੇਵਾਲੀ, ਸਤਵਿੰਦਰ ਬਿੱਟੀ, ਸੁਰਜੀਤ ਬਿੰਦਰੱਖੀਆ, ਹਰਦੀਪ, ਦੁਰਗਾ ਰੰਗੀਲਾ, ਨਛੱਤਰ ਗਿੱਲ, ਸੁਰਜੀਤ ਖ਼ਾਨ, ਦਿਲਸ਼ਾਦ ਅਖ਼ਤਰ, ਮਨਪ੍ਰੀਤ ਅਖ਼ਤਰ, ਮਨਮੋਹਨ ਵਾਰਿਸ, ਹਰਭਜਨ ਮਾਨ, ਰਣਜੀਤ ਮਣੀ, ਕੁਲਵਿੰਦਰ ਢਿੱਲੋਂ, ਗੁਰਬਖ਼ਸ਼ ਸ਼ੌਂਕੀ, ਕਲੇਰ ਕੰਠ, ਗਿੱਪੀ ਗਰੇਵਾਲ, ਯੁਧਵੀਰ ਮਾਣਕ, ਦਿਲਜੀਤ ਦੁਸਾਂਝ, ਸਰਬਜੀਤ ਚੀਮਾ, ਸੁਰਿੰਦਰ ਲਾਡੀ, ਗੀਤਾਜ਼ ਬਿੰਦਰੱਖੀਆ, ਹਿੰਮਤ ਸੰਧੂ ਆਦਿ। ਕਹਿਣ ਦਾ ਭਾਵ ਹੁਣ ਤਕ 74 ਦੇ ਕਰੀਬ ਗਾਇਕਾਂ ਤੇ ਗਾਇਕਾਵਾਂ ਨੇ ਉਸ ਦੇ 500 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਇਨ੍ਹਾਂ ਗੀਤਾਂ ਵਿਚੋਂ 154 ਗੀਤ ਇਕੱਲੇ ਸੁਰਜੀਤ ਬਿੰਦਰੱਖੀਆ ਵੱਲੋਂ ਗਾਏ ਗਏ।
ਜੇ ਸ਼ਮਸ਼ੇਰ ਸੰਧੂ ਦੀ ਗੀਤਕਾਰੀ ਤੇ ਮਰਹੂਮ ਸੁਰਜੀਤ ਬਿੰਦਰੱਖੀਆ ਦੀ ਗਾਈਕੀ ਦੀ ਗੱਲ ਕਰੀਏ ਤਾਂ ਦੋਵੇਂ ਇਕ ਦੂਜੇ ਦੇ ਪੂਰਕ ਬਣ ਕੇ ਚੱਲੇ, ਕਿਉਂਕਿ ਸ਼ਮਸ਼ੇਰ ਹੋਰਾਂ ਦੇ ਗੀਤਾਂ ਦੀ ਸ਼ਬਦਾਵਲੀ ਨੂੰ ਜਿਸ ਤਰ੍ਹਾਂ ਦੀ ਟੁਣਕਵੀਂ ਆਵਾਜ਼ ਲੋੜੀਂਦੀ ਹੈ, ਉਹ ਬਿੰਦਰੱਖੀਏ ਦੇ ਟੁਣਕਦੇ ਗਲੇ ’ਚੋਂ ਹੀ ਨਿਕਲ ਸਕਦੀ ਸੀ। ਇਨ੍ਹਾਂ ਦੋਵਾਂ ਦਾ ਰਿਸ਼ਤਾ ਦੋਸਤਾਂ ਤੋਂ ਵਧ ਕੇ ਵੱਡੇ ਤੇ ਛੋਟੇ ਭਰਾ ਜਿਹਾ ਰਿਹਾ। ਹੁਣ ਵੀ ਜਦੋਂ ਸੁਰਜੀਤ ਬਿੰਦਰੱਖੀਆ ਦੀ ਗੱਲ ਤੁਰਦੀ ਹੈ ਤਾਂ ਸੰਧੂ ਆਪਣੇ ਧੁਰ ਅੰਦਰ ਕਿਤੇ ਅਤੀਤ ਵਿਚ ਚਲਾ ਜਾਂਦਾ ਹੈ, ਜਿਸ ਦੀ ਸ਼ਾਹਦੀ ਉਸ ਦੇ ਚਿਹਰੇ ਦੇ ਹਾਵ-ਭਾਵ ਖ਼ੁਦ ਹੀ ਭਰ ਦਿੰਦੇ ਹਨ। ਅਜਿਹੇ ਪਲਾਂ ਦੌਰਾਨ ਇੰਜ ਜਾਪਦਾ ਹੈ ਕਿ ਉਸ ਦੀ ਰੂਹ ’ਚ ਹਾਲੇ ਵੀ ਸੁਰਜੀਤ ਦੇ ਬੇਵਕਤ ਤੁਰ ਜਾਣ ਦੀ ਪੀੜ ਸਮੋਈ ਹੋਈ ਹੈ। ਸੰਧੂ ਜੁੜੀ ਮਹਿਫ਼ਿਲ ’ਚ ਉਸ ਦੀਆਂ ਯਾਦਾਂ ਨੂੰ ਹਾਜ਼ਰੀਨ ਨਾਲ ਸਾਂਝਾ ਕਰਦਿਆਂ ਸ਼ਰਧਾ ਦੇ ਸੁਮਨ ਅਰਪਿਤ ਕਰਦਾ ਮਹਿਸੂਸ ਹੁੰਦਾ ਹੈ।
ਉਸਦੇ ਲਿਖੇ ਗੀਤ ਅੱਜ ਵੀ ਓਨੇ ਹੀ ਮਕਬੂਲ ਤੇ ਪ੍ਰਚੱਲਿਤ ਹਨ, ਜਿੰਨੇ ਦੋ-ਢਾਈ ਦਹਾਕੇ ਪਹਿਲਾਂ ਸਨ। ਇਸ ਲਈ ਪੂਰੇ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਗੀਤ ਉਸ ਦੀ ਲੇਖਣੀ ਦਾ ਹਾਸਲ ਤੇ ਪ੍ਰਮਾਣ ਹਨ। ਭਾਵੇਂ ਚਰਚਾ ਦੇ ਨਾਲੋ-ਨਾਲ ਉਸ ਦੇ ਕੁਝ ਗੀਤਾਂ ਦੀ ਕੁਚਰਚਾ ਵੀ ਹੋਈ, ਪਰ ਉਸ ਨੇ ਕਦੇ ਵੀ ਪਲਟਵਾਂ ਵਾਰ ਨਹੀਂ ਕਰਿਆ ਤੇ ਨਾ ਹੀ ਇਸ ਨੂੰ ਬਹਿਸ ਦਾ ਅਖਾੜਾ ਬਣਾਇਆ। ਇਹੋ ਸਹਿਜਤਾ ਉਸ ਦਾ ਗੁਣ ਹੈ। ਸ਼ਾਇਦ ਇਸੇ ਕਾਰਨ ਇਕ ਥਾਂ ਪ੍ਰਿੰ. ਸਰਵਣ ਸਿੰਘ ਲਿਖਦੇ ਹਨ ਕਿ ਸ਼ਮਸ਼ੇਰ ਸੰਧੂ ‘ਗੀਤਕਾਰਾਂ ਦਾ ਗੀਤਕਾਰ’ ਹੈ।
ਜੇ ਸ਼ਮਸ਼ੇਰ ਸੰਧੂ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਪੀਟੀਸੀ ਚੈਨਲ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’, ਇੰਡੀਆ ਨਿਊਜ਼ ਚੈਨਲ ਵੱਲੋਂ ‘ਪੰਜਾਬ ਦਾ ਗੌਰਵ’ ਸਨਮਾਨ, ਵਿਰਾਸਤ ਵੈੱਲਫੇਅਰ ਸੁਸਾਇਟੀ ਕੈਲਗਰੀ (ਕੈਨੇਡਾ) ਵੱਲੋਂ ਜਲੰਧਰ ਵਿਖੇ ‘ਪ੍ਰਸਿੱਧ ਗੀਤਕਾਰ ਤੇ ਫ਼ਿਲਮ ਨਿਰਦੇਸ਼ਕ ਗੁਰਚਰਨ ਵਿਰਕ ਯਾਦਗਾਰੀ ਪੁਰਸਕਾਰ’ ਅਤੇ ਪੰਜਾਬ ਕਲਚਰਲ ਸੁਸਾਇਟੀ ਵੱਲੋਂ ਪੀਏਯੂ ਲੁਧਿਆਣਾ ਵਿਖੇ ‘ਵਾਰਿਸ ਸ਼ਾਹ ਪੁਰਸਕਾਰ’ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਸ ਨੂੰ ਪੰਜਾਬ ਦੀਆਂ ਅਨੇਕਾਂ ਸਭਾਵਾਂ ਤੇ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ।
ਇੱਥੇ ਸੰਧੂ ਹੋਰਾਂ ਵੱਲੋਂ ਲਿਖੀਆਂ ਪੁਸਤਕਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਕਿਉਂਕਿ ਉਹ ਬਤੌਰ ਕਹਾਣੀਕਾਰ ਸਾਹਿਤ ਪਿੜ ਵਿਚ ਉਤਰਿਆ ਸੀ। ਗਾਹੇ-ਬਗਾਹੇ ਉਸ ਦੀਆਂ ਕਹਾਣੀਆਂ ਤੇ ਕਵਿਤਾਵਾਂ ‘ਆਰਸੀ’, ‘ਨਾਗਮਣੀ’, ‘ਪ੍ਰੀਤਲੜੀ’, ‘ਹੇਮਜਯੋਤੀ’ ਤੇ ਹੋਰ ਨਾਮਵਰ ਰਸਾਲਿਆਂ ’ਚ ਵੀ ਛਪਦੀਆਂ ਰਹੀਆਂ। ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਕੋਈ ਦਿਓ ਜਵਾਬ’ ਸੀ। ਫੇਰ ਉਸ ਨੇ ‘ਪੰਜਾਬੀ ਕਹਾਣੀ ਦਾ ਅੱਜ’ ਪੁਸਤਕ ਸੰਪਾਦਤ ਕੀਤੀ, ਗਾਇਕਾਂ ਦੇ ਰੇਖਾ-ਚਿੱਤਰਾਂ ਨੂੰ ‘ਲੋਕ ਸੁਰਾਂ’ ਨਾਂ ਹੇਠ ਛਾਪਿਆ, ਪਾਕਿਸਤਾਨੀ ਗਾਇਕਾਂ ਬਾਰੇ ‘ਸੁਰ ਦਰਿਆਓਂ ਪਾਰ ਦੇ’ ਕਿਤਾਬ ਨੂੰ ਵੱਖਰੇ ਰੰਗ ’ਚ ਪੇਸ਼ ਕੀਤਾ, ਸੁਰਜੀਤ ਬਿੰਦਰੱਖੀਆ ਵੱਲੋਂ ਗਾਏ ਗੀਤਾਂ ਨੂੰ ਉਸ ਨੇ ਕਿਤਾਬ ‘ਤੇਰੇ ’ਚ ਤੇਰਾ ਯਾਰ ਬੋਲਦਾ’ ਵਿਚ ਇਕੱਤਰ ਕੀਤਾ, ‘ਮੇਰੇ ਚੋਣਵੇਂ ਗੀਤ’ ਵਿਚ ਵੱਖ-ਵੱਖ ਕਲਾਕਾਰਾਂ ਵੱਲੋਂ ਗਾਏ ਗੀਤਾਂ ਨੂੰ ਸ਼ੁਮਾਰ ਕੀਤਾ ਅਤੇ ਇਨਕਲਾਬੀ/ਵਿਦਰੋਹੀ ਸੁਰ ਵਾਲੇ ਕਵੀ ਪਾਸ਼ ਬਾਰੇ ਵਾਰਤਕ ਕਿਤਾਬ ‘ਇੱਕ ਪਾਸ਼ ਇਹ ਵੀ’ ਦੀ ਸਿਰਜਣਾ ਕੀਤੀ, ਜੋ ਨਿਵੇਕਲੀ ਤੇ ਜਾਣਕਾਰੀ ਭਰਪੂਰ ਹੈ, ਜਿਸ ਵਿਚੋਂ ਅਸਲ ਪਾਸ਼ ਦੇ ਦੀਦਾਰ ਹੁੰਦੇ ਹਨ।
ਉਸ ਨੂੰ ਇਕ ਉਦਰੇਵਾਂ ਜ਼ਰੂਰ ਹੈ ਕਿ ਜੇ ਉਹ ਕਹਾਣੀ ਰਚਨਾ ਨਾ ਛੱਡਦਾ ਤਾਂ ਸਥਾਪਤ ਸਾਹਿਤਕਾਰਾਂ ਦੀ ਪਹਿਲੀ ਕਤਾਰ ’ਚ ਸ਼ੁਮਾਰ ਹੁੰਦਾ, ਕਿਉਂਕਿ ਬਹੁਤੇ ਵਿਦਵਾਨ/ਬੁੱਧੀਜੀਵੀ ਕਿਤੇ ਨਾ ਕਿਤੇ ਗੀਤਕਾਰ ਨੂੰ ਸਾਹਿਤਕਾਰ ਮੰਨਣ ਤੋਂ ਇਨਕਾਰੀ ਹਨ। ਖ਼ੈਰ, ਗੀਤਕਾਰੀ ਨੇ ਉਸ ਨੂੰ ਵੱਡਾ ਰੁਤਬਾ ਬਖ਼ਸ਼ਿਆ ਹੈ, ਜਿਸ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ। ਦੂਜੀ ਗੱਲ ਜੋ ਸੱਚੀ ਹੈ, ਉਹ ਇਹ ਕਿ ਬਹੁਤੇ ਸਾਹਿਤਕਾਰਾਂ ਨੂੰ ਦ੍ਰਿਸ਼ਟੀ ਪੱਖੋਂ ਓਨੇ ਪਾਠਕ, ਸਰੋਤੇ ਜਾਂ ਦਰਸ਼ਕ ਸ਼ਾਇਦ ਹੀ ਜਾਣਦੇ ਹੋਣ, ਜਿੰਨੇ ਸ਼ਮਸ਼ੇਰ ਸੰਧੂ ਨੂੰ ਉਸ ਦੀ ਦਿੱਖ ਤੋਂ ਜਾਣਦੇ ਤੇ ਪਛਾਣਦੇ ਹਨ।
ਸ਼ਮਸ਼ੇਰ ਸੰਧੂ ਬਾਰੇ ਪਿੱਛੇ ਜਿਹੇ ਕੰਵਲਜੀਤ ਸਿੰਘ (ਕੈਨੇਡਾ) ਵੱਲੋਂ ਸੰਪਾਦਨ ਕੀਤੀ ਪੁਸਤਕ ‘ਇਹ ਜੋ ਸ਼ਮਸ਼ੇਰ ਸੰਧੂ ਹੈ’ ਕਾਫ਼ੀ ਚਰਚਿਤ ਰਹੀ। ਇਹ ਪੁਸਤਕ ਜਦੋਂ ਰਿਲੀਜ਼ ਹੋਈ ਤਾਂ ਕੰਵਲਜੀਤ ਨੇ ਕਿਹਾ ਕਿ ਇਹ ਪੁਸਤਕ ਕਾਫ਼ੀ ਸਾਲ ਪਹਿਲਾਂ ਛਪ ਕੇ ਸਾਹਮਣੇ ਆ ਜਾਂਦੀ, ਜੇ ਮੇਰਾ ਸਾਥ ਦੇਣ ’ਚ ਸੰਧੂ ਹੋਰੀਂ ਐਨੀ ਘੌਲ ਨਾ ਵਰਤਦੇ।
ਉਂਜ ਸ਼ਮਸ਼ੇਰ ਸੰਧੂ ਵੀ ਆਪਣੇ ਆਪ ਨੂੰ ਥੋੜ੍ਹਾ ਘੌਲੀ ਮੰਨਦਾ ਹੈ, ਪਰ ਸੋਚਣ ਤੇ ਵਿਚਾਰ ਵਾਲੀ ਗੱਲ ਤਾਂ ਇਹ ਹੈ ਕਿ ਉਸ ਨੇ ਜਲੰਧਰ ਦੂਰਦਰਸ਼ਨ ਲਈ ਪ੍ਰੋਗਰਾਮ ‘ਇੱਕ ਲੱਪ ਗੀਤਾਂ ਦੀ’ ਵੀ ਕੀਤਾ ਅਤੇ ‘ਕਾਵਿ-ਸ਼ਾਰ’ ਵਿਚ ਪ੍ਰਸਿੱਧ ਗਾਇਕਾਂ ਤੋਂ ਸਾਹਿਤਕ ਰਚਨਾਵਾਂ ਵੀ ਗਵਾਈਆਂ, ਦੂਰਦਰਸ਼ਨ ਲਈ 31 ਦਸੰਬਰ ਦੀ ਰਾਤ ਨੂੰ ਪੇਸ਼ ਹੋਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਟੀ-ਸੀਰੀਜ਼ ਨਾਲ ਮਿਲ ਕੇ ਸੱਤ ਸਾਲ, ਬੱਬੂ ਮਾਨ ਤੇ ਹਰਜੀਤ ਨਾਗਰਾ ਦੀ ਪੁਆਇੰਟ ਜ਼ੀਰੋ ਕੰਪਨੀ ਨਾਲ ਰਲ ਕੇ ਤਿੰਨ ਸਾਲ ‘ਆਓ ਸਾਰੇ ਨੱਚੀਏ’ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ, ਚਾਰ ਸਾਲ ਵਿਸਾਖੀ ਪ੍ਰੋਗਰਾਮ ਨੂੰ ਪੇਸ਼ ਕੀਤਾ, ਕਈ ਨਵੇਂ ਗਾਇਕਾਂ ਨੂੰ ਸਾਹਮਣੇ ਲਿਆਂਦਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਘੌਲ ਘੌਲ ਵਿਚ ਐਨਾ ਕੁਝ ਕਰ ਜਾਣਾ ਵੀ ਆਪਣੇ ਆਪ ’ਚ ਕਿਸੇ ਮਿਸਾਲ ਤੋਂ ਘੱਟ ਨਹੀਂ। ਉਹ ਛੇਤੀ ਕੀਤਿਆਂ ਹਾਰ ਮੰਨਣ ਵਾਲਿਆਂ ’ਚੋਂ ਨਹੀਂ। ਭਾਵੇਂ ਉਹ ਥੋੜ੍ਹੇ ਚਿਰ ਲਈ ਬਾਹਰੀ ਰੂਪ ’ਚ ਖ਼ਾਮੋਸ਼ ਹੋ ਜਾਂਦਾ ਹੈ, ਪਰ ਅੰਦਰੋਂ ਨਮੋਸ਼ ਹੋਣਾ ਉਸ ਦੀ ਬਿਰਤੀ ’ਚ ਉੱਕਾ ਹੀ ਨਹੀਂ। ਉਸ ਨੂੰ ਸੰਧੂ ਹੋਣ ’ਤੇ ਇਸ ਕਰਕੇ ਬੜਾ ਮਾਣ ਹੈ ਕਿਉਂਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਉਸ ਦਾ ਵਡੇਰਾ ਗੋਤੀ ਸੀ। ਉਹ ਹਰ ਉਮਰ ਦੇ ਇਨਸਾਨ ਨਾਲ ਰਚਣਾ-ਮਿਚਣਾ ਜਾਣਦਾ ਹੈ। ਉਸ ਨੇ ਯਾਰੀਆਂ ਪਾਲੀਆਂ ਵੀ ਤੇ ਖ਼ਰਾ ਵੀ ਸਾਬਤ ਹੋਇਆ। ਕਿਸੇ ਸੱਜਣ-ਮਿੱਤਰ ਦਾ ‘ਹੈ’ ਤੋਂ ‘ਸੀ’ ਹੋ ਜਾਣਾ ਉਸ ਲਈ ਵੇਦਨਾਪੂਰਨ ਹੈ।
ਸੰਪਰਕ: 87290-00242
ਸ਼ਮਸ਼ੇਰ ਸੰਧੂ ਦੇ ਚਰਚਿਤ ਗੀਤ:
- ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਇਕ ਰਹਿਣਾ ਰੱਬ ਦਾ ਨਾਂ ਬੰਦਿਆ
- ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ
- ਮੋਢੇ ਤੋਂ ਤਿਲ੍ਹਕਦਾ ਜਾਵੇ, ਸਤਾਰਾਂ ਵਲ ਖਾਵੇ, ਦੁਪੱਟਾ ਤੇਰਾ ਸੱਤ ਰੰਗ ਦਾ
- ਤੂੰ ਨੀਂ ਬੋਲਦੀ ਰਕਾਨੇ- ਤੂੰ ਨੀਂ ਬੋਲਦੀ, ਤੇਰੇ ’ਚ ਤੇਰਾ ਯਾਰ ਬੋਲਦਾ
- ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਈਂ ਰਹਿਣਾ
- ਮਾਂ ਮੈਂ ਮੁੜ ਨੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ
- ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ, ਕਚਹਿਰੀਆਂ ’ਚ ਮੇਲੇ ਲੱਗਦੇ
- ਇਕ ਇਕ ਕਰਕੇ ਤੀਹ ਦਿਨ ਹੋ ਗੇ, ਪੂਰਾ ਇਕ ਮਹੀਨਾ, ਮੇਰੇ ਦਿਲ ਦੀ ਛਤਰੀ ’ਤੇ ਬਹਿ ਗਿਆ, ਇਕ ਕਬੂਤਰ ਚੀਨਾ
- ਸੰਮੀ ਮੇਰੀ ਵਾਰ ਮੈਂ ਵਾਰੀ ਨੀਂ ਸੰਮੀਏ, ਸ਼ਾਵਾ ਮੇਰੀ ਸੰਮੀਏ ਨੀਂ ਬੱਲੇ ਮੇਰੀ ਸੰਮੀਏ