ਨਵੀਂ ਦਿੱਲੀ, 13 ਅਗਸਤ
ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਲਾਲ ਕਿਲ੍ਹੇ ’ਤੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ ਦੌਰਾਨ ਜਲ, ਥਲ ਅਤੇ ਹਵਾਈ ਸੈਨਾ ਦੇ ਜਵਾਨਾਂ ਨੇ ਕਿਲ੍ਹੇ ਦੇ ਮੂਹਰਿਉਂ ਮਾਰਚ ਪਾਸਟ ਕੀਤਾ। ਪੁਲੀਸ ਨੇ ਦੱਸਿਆ ਕਿ ਰਿਹਰਸਲ ਸਵੇਰੇ 7 ਤੋੋਂ 9 ਵਜੇ ਤੱਕ ਕੀਤੀ ਗਈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ੳੱਤਰੀ) ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਸੁਰੱਖਿਆ ਜਵਾਨਾਂ ਦੇ ਰਿਪੋਰਟ ਕਰਨ ਦਾ ਸਮਾਂ ਤੜਕੇ 3 ਵਜੇ ਸੀ। ਪ੍ਰਧਾਨ ਮੰਤਰੀ ਦਾ ਕਾਫਲਾ ਲਾਲ ਕਿਲ੍ਹੇ ’ਤੇ 7:18 ਵਜੇ ਪਹੁੰਚਿਆ ਅਤੇ ਸਵੇਰੇ 9 ਵਜੇ ਤੱਕ ਰਿਹਰਸਲ ਸਫਲਤਾਪੂੁਰਵਕ ਪੁੂਰੀ ਹੋ ਗਈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਾਫ਼ਲਾ ਉਕਤ ਸਥਾਨ ’ਤੇ ਦੇਰੀ ਨਾਲ ਪਹੁੰਚਿਆ। ਉੱਥੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਸਨ ਅਤੇ ਰਿਹਰਸਲ ਕਾਰਨ ਆਵਾਜਾਈ ’ਤੇ ਰੋਕ ਸੀ। ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਹੋਣ ਵਾਲੇ ਸਮਾਗਮਾਂ ਕਾਰਨਾਂ ਲਾਲ ਕਿਲ੍ਹਾ ਲੋਕਾਂ ਵਾਸਤੇ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਲਾਲ ਕਿਲ੍ਹੇ ’ਤੇ ਸੁਰੱਖਿਆ ਲਈ 4 ਹਜ਼ਾਰ ਜਵਾਨ ਤਾਇਨਾਤ ਹਨ। -ਪੀਟੀਆਈ