ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਾਬਕਾ ਨਿੱਜੀ ਪੀਏ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਸਥਾਨਕ ਕਾਂਗਰਸੀ ਆਗੂਆਂ ’ਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਵਜ਼ੀਰ ਹੁੰਦੇ ਉਨ੍ਹਾਂ ਦੇ ਨਿੱਜੀ ਪੀਏ ਤੇ ਸਾਬਕਾ ਅਕਾਲੀ ਕੌਂਸਲ ਗੁਰਮਿੰਦਰਜੀਤ ਸਿੰਘ ਬਬਲੂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਮੱਦੇਨਜ਼ਰ ਕਾਂਗਰਸੀ ਵਿਧਾਇਕ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਸਾਢੇ ਤਿੰਨ ਸਾਲ ਤੱਕ ਸਥਾਨਕ ਵਿਧਾਇਕ ’ਤੇ ਸ਼ਹਿਰ ਦੇ ਵਿਕਾਸ ਕੰਮਾਂ ’ਚ ਅੜਿੱਕਾ ਡਾਹੁਣ ਦਾ ਦੋਸ਼ ਲਾਉਣ ਵਾਲੇ ਸਾਬਕਾ ਅਕਾਲੀ ਕੌਂਸਲਰ ਵੱਲੋਂ ਵਿਧਾਇਕ ਨਾਲ ਜੱਫ਼ੀ ਪਾਉਣ ਦੀ ਸ਼ਹਿਰ ’ਚ ਸਿਆਸੀ ਚਰਚਾ ਚੱਲ ਰਹੀ ਹੈ।
ਪੰਜਾਬ ਕਾਂਗਰਸ ਸੂਬਾਈ ਸਕੱਤਰ ਤੇ ਪਾਰਟੀ ਬੁਲਾਰੇ ਡਾ. ਤਾਰਾ ਸਿੰਘ ਸੰਧੂ ਨੇ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਕਿ ਵਿਧਾਇਕ ਨੂੰ ਦਾਗੀ ਅਕਾਲੀਆਂ ਨੂੰ ਪਾਰਟੀ ’ਚ ਵਾੜਨ ਦੀ ਬੱਜਰ ਗਲਤੀ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪ੍ਰੋਟੋਕਾਲ ਮੁਤਾਬਕ ਪਾਰਟੀ ’ਚ ਕਿਸੇ ਨੂੰ ਸ਼ਾਮਲ ਕਰਵਾਉਣ ਦਾ ਕੰਮ ਪਾਰਟੀ ਪ੍ਰਧਾਨ ਦਾ ਹੁੰਦਾ ਹੈ ਨਾ ਕਿ ਵਿਧਾਇਕ ਦਾ। ਉਨ੍ਹਾਂ ਕਿਹਾ ਕਿ ਪਹਿਲਾਂ ਹੋਟਲ ’ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਅਕਾਲੀ ਆਗੂ ਨੂੰ ਸ਼ਾਮਲ ਕਰਕੇ ਬੱਜਰ ਗਲਤ ਕੀਤੀ ਤੇ ਹੁਣ ਅਕਾਲੀ ਹਕੂਮਤ ’ਚ ਕਰੋੜਾਂ ਰੁਪਏ ਦੇ ਘਪਲੇ ਕਰਨ ਵਾਲੇ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਡਾ. ਸੰਧੂ ਨੇ ਕਿਹਾ ਕਿ ਵਿਧਾਇਕ ਨੂੰ ਸਮਝ ਨਹੀਂ ਕਿ ਨਿਗਰ ਨਿਗਮ ਚੋਣਾਂ ਜਿੱਤਣ ਲਈ ਅਕਾਲੀ ਆਪਣੀ ਪਾਰਟੀ ’ਚੋਂ ਕੁੱਝ ਆਗੂ ਅਸਿੱਧੇ ਢੰਗ ਨਾਲ ਕਾਂਗਰਸ ’ਚ ਸ਼ਾਮਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਬਬਲੂ ਲਈ ਕਾਂਗਰਸ ’ਚ ਕੋਈ ਥਾਂ ਨਹੀਂ ਹੈ। ਡਾ. ਸੰਧੂ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸਾਬਕਾ ਅਕਾਲੀ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਨੇ ਟਿੱਪਣੀ ਕਰਨ ਤੋਂ ਮਨ੍ਹਾਂ ਕਰਦਿਆਂ ਆਖਿਆ ਕਿ ਉਸ ਬਾਰੇ ਸਾਰੇ ਭੀਭਾਂਤ ਜਾਣੂ ਹਨ।