ਨਵੀਂ ਦਿੱਲੀ, 13 ਅਗਸਤ
ਨਿਰਦੇਸ਼ਕ ਸ਼ਰਨ ਸ਼ਰਮਾ ਦਾ ਕਹਿਣਾ ਹੈ ਕਿ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਵਿੱਚ ਵਧੇਰੇ ਰਾਸ਼ਟਰਵਾਦ ਨਾ ਦਿਖਾਊਣਾ ਸਿੱਧੇ ਤੌਰ ’ਤੇ ਫਿਲਮ ਦੇ ਕਿਰਦਾਰ ਤੋਂ ਪ੍ਰਭਾਵਿਤ ਹੈ ਜੋ ਦੇਸ਼ ਦੀ ਸੇਵਾ ਆਪਣੇ ਕੰਮ ਰਾਹੀਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰ ਰਹੇ ਸ਼ਰਮਾ ਦਾ ਮੰਨਣਾ ਹੈ ਕਿ ਊਨ੍ਹਾਂ ਨੂੰ ਆਪਣੇ ਸਹਿਜ-ਭਾਵ ’ਤੇ ਨਿਰਭਰ ਹੋਣ ਦਾ ਫ਼ਾਇਦਾ ਮਿਲਿਆ ਹੈ ਅਤੇ ਊਨ੍ਹਾਂ ਨੇ ਊਹੀ ਕੀਤਾ, ਜੋ ਊਨ੍ਹਾਂ ਨੂੰ ਸਹੀ ਲੱਗਿਆ। ਇਹ ਫਿਲਮ ਲੜਾਕੂ ਜਹਾਜ਼ ਦੀ ਪਾਇਲਟ ਗੁੰਜਨ ਸਕਸੈਨਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ, ਜੋ 1999 ਦੀ ਕਾਰਗਿਲ ਜੰਗ ਵਿੱਚ ਜਾਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ। ਇਸ ਫਿਲਮ ਨੂੰ ਸਕਾਰਾਤਮਕ ਸਮੀਖਿਆ ਮਿਲੀ ਹੈ। ਆਮ ਬਾਲੀਵੁੱਡ ਫਿਲਮਾਂ ਦੇ ਊਲਟ ਇਹ ਫਿਲਮ ਛਾਤੀ ਠੋਕਣ ਵਾਲੀ ਦੇਸ਼ਭਗਤੀ ਤੋਂ ਮੁਕਤ ਹੋਣ ਕਰਕੇ ਸ਼ਲਾਘਾ ਖੱਟ ਰਹੀ ਹੈ।
ਸ਼ਰਮਾ ਨੇ ਕਿਹਾ, ‘‘ਪਹਿਲੀ ਵਾਰ ਫਿਲਮ ਦਾ ਨਿਰਦੇਸ਼ਨ ਕਰਨ ਦਾ ਇਹ ਫ਼ਾਇਦਾ ਹੁੰਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਗੱਲਾਂ ਨਹੀਂ ਪਤਾ ਹੁੰਦੀਆਂ। ਤੁਸੀਂ ਆਪਣੇ ਸਹਿਜ-ਭਾਵ ’ਤੇ ਨਿਰਭਰ ਹੁੰਦੇ ਹੋ। ਇਸ ਕਰ ਕੇ ਸਾਨੂੰ ਜੋ ਕੁਝ ਵੀ ਕੁਦਰਤੀ ਲੱਗਿਆ, ਅਸੀਂ ਊਹੀ ਕੀਤਾ। ਅਸੀਂ ਫਿਲਮ ਦਾ ਲਹਿਜ਼ਾ ਨਹੀਂ ਤੈਅ ਕੀਤਾ। ਇਹ ਗੁੰਜਨ ਮੈਡਮ ਕੋਲੋਂ ਆਇਆ ਹੈ।’’ -ਪੀਟੀਆਈ