ਨਵੀਂ ਦਿੱਲੀ: ਦੇਸ਼ ’ਚ ਕਰੋਨਾਵਾਇਰਸ ਦੇ ਲਗਾਤਾਰ ਆ ਰਹੇ ਕੇਸਾਂ ’ਚ ਰਿਕਾਰਡ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 61,537 ਨਵੇਂ ਪੀੜਤ ਸਾਹਮਣੇ ਆਏ ਹਨ। ਉਂਜ 14,27,005 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 68.32 ਫ਼ੀਸਦ ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਨਾਲ 933 ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 42,518 ਹੋ ਗਈ ਹੈ। ਕੋਵਿਡ-19 ਦੇ 6,19,088 ਸਰਗਰਮ ਕੇਸ ਹਨ ਅਤੇ ਮੌਤਾਂ ਦੀ ਦਰ 2.04 ਫ਼ੀਸਦ ਹੈ। ਲਗਾਤਾਰ 10ਵੇਂ ਦਿਨ ਕਰੋਨਾ ਦੇ ਕੇਸ 50 ਹਜ਼ਾਰ ਤੋਂ ਵੱਧ ਦਰਜ ਹੋਏ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਮੁਤਾਬਕ ਹੁਣ ਤੱਕ 2,33,87,171 ਵਿਅਕਤੀਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਸ਼ੁੱਕਰਵਾਰ ਨੂੰ 5,98,778 ਟੈਸਟ ਕੀਤੇ ਗਏ। ਪਿਛਲੇ ਇਕ ਦਿਨ ’ਚ ਹੋਈਆਂ 933 ਮੌਤਾਂ ’ਚੋਂ ਮਹਾਰਾਸ਼ਟਰ ’ਚ 300, ਤਾਮਿਲ ਨਾਡੂ ’ਚ 119, ਕਰਨਾਟਕ ’ਚ 101, ਆਂਧਰਾ ਪ੍ਰਦੇਸ਼ ’ਚ 89, ਉੱਤਰ ਪ੍ਰਦੇਸ਼ ’ਚ 63, ਪੱਛਮੀ ਬੰਗਾਲ ’ਚ 52, ਦਿੱਲੀ ’ਚ 23, ਗੁਜਰਾਤ ’ਚ 22, ਮੱਧ ਪ੍ਰਦੇਸ਼ ’ਚ 16 ਅਤੇ ਉੱਤਰਾਖੰਡ ਤੇ ਤਿਲੰਗਾਨਾ ’ਚ 14-14 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ’ਚ ਹੁਣ ਤੱਕ ਸਭ ਤੋਂ ਵੱਧ 17,092 ਮੌਤਾਂ ਹੋ ਚੁੱਕੀਆਂ ਹਨ ਜਦਕਿ ਤਾਮਿਲ ਨਾਡੂ ’ਚ 4,690, ਦਿੱਲੀ ’ਚ 4,082, ਕਰਨਾਟਕ ’ਚ 2,998, ਗੁਜਰਾਤ ’ਚ 2,605, ਉੱਤਰ ਪ੍ਰਦੇਸ਼ ’ਚ 1,981, ਪੱਛਮੀ ਬੰਗਾਲ ’ਚ 1,954, ਆਂਧਰਾ ਪ੍ਰਦੇਸ਼ ’ਚ 1,842 ਅਤੇ ਮੱਧ ਪ੍ਰਦੇਸ਼ ’ਚ 962 ਵਿਅਕਤੀਆਂ ਨੇ ਕਰੋਨਾ ਕਾਰਨ ਦਮ ਤੋੜਿਆ ਹੈ।
-ਪੀਟੀਆਈ
ਉੜੀਸਾ ਦੇ ਭਾਜਪਾ ਸੰਸਦ ਮੈਂਬਰ ਨੂੰ ਕਰੋਨਾ
ਭੁਬਨੇਸ਼ਵਰ: ਉੜੀਸਾ ਵਿਚ ਬਰਗੜ੍ਹ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਭਾਜਪਾ ਆਗੂ ਸੁਰੇਸ਼ ਪੁਜਾਰੀ ਵਿੱਚ ਕਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ। ਰਿਪੋਰਟ ਆਉਣ ਮਗਰੋਂ ਉਨ੍ਹਾਂ ਨੂੰ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ। ਉਨ੍ਹਾਂ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ। ਉੜੀਸਾ ਦੇ ਸਿਹਤ ਵਿਭਾਗ ਅਨੁਸਾਰ, ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 1643 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਇਸ ਲਾਗ ਨੇ 12 ਲੋਕਾਂ ਦੀ ਜਾਨ ਲੈ ਲਈ ਹੈ। ਸੂਬੇ ਵਿੱਚ ਕੇਸਾਂ ਦੀ ਕੁੱਲ ਗਿਣਤੀ 44,193 ਹੈ, ਜਦੋਂਕਿ 259 ਮੌਤਾਂ ਹੋ ਚੁੱਕੀਆਂ ਹਨ।
-ਆਈਏਐੱਨਐੱਸ