ਗੁਲਜ਼ਾਰ ਸਿੰਘ ਸੰਧੂ
ਜਦੋਂ 1953 ਵਿਚ ਮੈਂ ਦਿੱਲੀ ਪ੍ਰਵੇਸ਼ ਕੀਤਾ ਤਾਂ ਚਾਰ ਕੁ ਮਹੀਨੇ ਵਿਹਲਾ ਰਹਿਣ ਪਿੱਛੋਂ ਮੈਨੂੰ ਮਾਸਿਕ ਪ੍ਰੀਤਮ ਤੇ ਸਪਤਾਹਿਕ ਫਤਿਹ ਦੇ ਸਬ ਐਡੀਟਰ ਵਜੋਂ ਨੌਕਰੀ ਮਿਲ ਗਈ। ਤਨਖ਼ਾਹ ਤਾਂ ਕੇਵਲ 80 ਰੁਪਏ ਮਹੀਨਾ ਸੀ, ਪਰ ਇਨ੍ਹਾਂ ਪਰਚਿਆਂ ਦਾ ਅਨਪੜ੍ਹ ਮਾਲਕ ਲਾਭ ਸਿੰਘ ਨਾਰੰਗ ਮੈਨੂੰ ਵਾਰ-ਵਾਰ ਦੱਸਦਾ ਕਿ ਮੈਥੋਂ ਪਹਿਲਾਂ ਮੇਰੇ ਵਾਲੀ ਕੁਰਸੀ ਉੱਤੇ ਅਵਤਾਰ ਸਿੰਘ ਆਜ਼ਾਦ ਤੇ ਪ੍ਰੀਤਮ ਸਿੰਘ ਸਫ਼ੀਰ ਵਰਗੇ ਮਹਾਰਥੀ ਬਹਿੰਦੇ ਰਹੇ ਹਨ।
ਇਕ ਦਿਨ ਮੈਨੂੰ ਪੰਜਾਬੀ ਗ਼ਜ਼ਲ ਦਰਬਾਰ ਵਿਚ ਹਾਜ਼ਰੀ ਭਰਨ ਦਾ ਸੱਦਾ ਆਇਆ ਜਿਹੜਾ ਨਵੀਂ ਦਿੱਲੀ ਦੀ ਚੈਮਸਫੋਰਡ ਕਲੱਬ ਵਿਚ ਹੋ ਰਿਹਾ ਸੀ। ਬੈਠਣ ਨੂੰ ਚੰਗੀ ਥਾਂ ਮਿਲ ਗਈ। ਪ੍ਰਕਾਸ਼ ਸਾਥੀ, ਈਸ਼ਵਰ ਚਿੱਤਰਕਾਰ, ਹਜ਼ਾਰਾ ਸਿੰਘ ਗੁਰਦਾਸਪੁਰੀ, ਹਰਿਭਜਨ ਸਿੰਘ ਤੇ ਬਾਵਾ ਬਲਵੰਤ ਤੋਂ ਬਿਨਾਂ ਹੋਰਨਾਂ ਨੇ ਵੀ ਗ਼ਜ਼ਲਾਂ ਪੜ੍ਹੀਆਂ, ਪਰ ਜਿਹੜੇ ਸ਼ਿਅਰਾਂ ਨੇ ਮੈਨੂੰ ਉਸ ਉਮਰੇ ਪ੍ਰਭਾਵਿਤ ਕੀਤਾ ਉਹ ਸਨ:
ਓ ਠੇਕੇ ਵਾਲਿਓ ਪੰਡਤ ਹੈ ਆਇਆ ਆਬਰੂ ਕਰਨੀ,
ਬੜੇ ਚਿਰ ਬਾਅਦ ਬੰਦਾ ਬੰਦਿਆਂ ਵਿਚ ਬਹਿਣ ਲੱਗਾ ਹੈ।
– ਹਜ਼ਾਰਾ ਸਿੰਘ ਗੁਰਦਾਸਪੁਰੀ
ਤੇਰੀ ਨਹੀਂ ਨੇ ਫਾਹ ਲਿਆ ਉਸ ਦਿਲ ਨੂੰ ਕਿਸ ਤਰ੍ਹਾਂ ਭਲਾ,
ਜਿਸ ਵੱਲ ਜ਼ਰਾ ਵੀ ਤੱਕਣੋ ਸੀ ਮੌਤ ਸੰਗਦੀ ਰਹੀ।
ਮੇਰੇ ਪਿਆਰ ਸਾਹਮਣੇ ਤੇਰੀ ਨਿਗ੍ਹਾ ਕੀ ਟਿਕੇ,
ਫੁੱਲਾਂ ਦੀ ਮਹਿਕ ਹੈ ਸਦਾ ਫੁੱਲਾਂ ਤੋਂ ਦੌੜਦੀ ਰਹੀ।
– ਈਸ਼ਵਰ ਚਿੱਤਰਕਾਰ
ਮੈਂ ਗ਼ਮ ਦੇ ਸਮੁੰਦਰ ’ਚ ਡੁੱਬਾ ਨਹੀਂ ਹਾਂ
ਤੇਰੇ ਗ਼ਮ ਦੇ ਮੈਨੂੰ ਸਹਾਰੇ ਬੜੇ ਨੇ
ਤੁਸਾਂ ਚੁਣ ਲਏ ਨੈਣਾਂ ਕੇਰੇ ਜੋ ਹੰਝੂ
ਜੋ ਕਿਰ ਨਾ ਸਕੇ ਗ਼ਮ ਦੇ ਮਾਰੇ ਬੜੇ ਨੇ
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ
– ਹਰਿਭਜਨ ਸਿੰਘ
ਮੈਨੂੰ ਹਰਿਭਜਨ ਸਿੰਘ ਦੀ ਕਾਲੀ ਦਾੜ੍ਹੀ ਵਿਚੋਂ ਚਿੱਟੇ ਦੰਦਾਂ ਰਾਹੀਂ ਗਿਰਦੇ ਸ਼ਬਦਾਂ ਦੇ ਉਚਾਰਨ ਨੇ ਬੜਾ ਪ੍ਰਭਾਵਿਤ ਕੀਤਾ। ਉਸ ਦੀ ਅਦਾਕਾਰੀ ਤੇ ਆਵਾਜ਼ ਸੋਨੇ ’ਤੇ ਸੁਹਾਗੇ ਵਰਗੀ ਸੀ। ਨਿਸ਼ਚੇ ਹੀ ਉਸ ਨੇ ਮੈਨੂੰ ਕੀਲ ਲਿਆ ਸੀ। ਕੁਝ ਦਿਨਾਂ ਪਿੱਛੋਂ ਮੈਂ ਉਸ ਨੂੰ ਕਰੋਲ ਬਾਗ਼ ਵਿਚ ਉਸ ਦੀ ਰਿਹਾਇਸ਼ ’ਤੇ ਮਿਲਣ ਗਿਆ ਤਾਂ ਉਹ ਮੈਨੂੰ ਨੇੜਲੇ ਕਾਫ਼ੀ ਹਾਊਸ ਵਿਚ ਲੈ ਗਿਆ। ਮੇਰੇ ਵੱਲੋਂ ਸੰਪਾਦਤ ਪਰਚਿਆਂ ਲਈ ਕੋਈ ਰਚਨਾ ਤਾਂ ਨਹੀਂ ਦਿੱਤੀ, ਪਰ ਪਿਆਰ ਬੜਾ ਦਿੱਤਾ। ਲਗਪਗ ਪੰਜ ਦਹਾਕੇ ਅਸੀਂ ਇਕ ਦੂਜੇ ਦੇ ਮਿੱਤਰ ਰਹੇ। ਉਸ ਨੇ 18 ਅਗਸਤ 2020 ਨੂੰ ਸੌ ਸਾਲ ਦਾ ਹੋ ਜਾਣਾ ਸੀ। ਉਸ ਦੇ ਸੌਵੇਂ ਜਨਮ ਦਿਨ ਨੇ ਮੈਨੂੰ ਉਸ ਦੇ ਸਮਕਾਲੀ ਕਵੀ ਚੇਤੇ ਕਰਵਾ ਦਿੱਤੇ ਹਨ। ਉਹ ਜਿਹੜੇ ਮੰਚ ਦੇ ਧਨੀ ਸਨ।
ਉਦੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਉਮਰ ਵਿਚ ਸਭ ਤੋਂ ਵੱਡਾ ਸੀ। ਦੋਸਤੀਆਂ ਪਾਲਣ ਵਿਚ ਉਸ ਤੋਂ ਵੀ ਵੱਡਾ। ਪਹਿਲਾਂ ਦੋਸਤੀ ਵਾਲੀ ਗੱਲ। ਬਾਵਾ ਬਲਵੰਤ ਗਰਮੀਆਂ ਦੀ ਸਿਖ਼ਰ ਦੁਪਹਿਰ ਸੜਕ ’ਤੇ ਤੁਰਿਆ ਜਾਂਦਾ ਡਿੱਗ ਕੇ ਬੇਹੋਸ਼ ਹੋ ਗਿਆ। ਨੇੜਲੇ ਹਸਪਤਾਲ ਵਿਚ ਉਸ ਨੇ ਸੁਆਸ ਤਿਆਗ ਦਿੱਤੇ। ਉਸ ਦੇ ਝੋਲੇ ਵਿਚਲੀਆਂ ਕਿਤਾਬਾਂ ਤੇ ਕਾਗਜ਼ਾਂ ਤੋਂ ਪਤਾ ਲੱਗਿਆ ਕਿ ਉਹ ਪੰਜਾਬੀ ਦਾ ਕਵੀ ਹੈ। ਕਿਸੇ ਭਲੇ ਬੰਦੇ ਨੇ ਇਹ ਗੱਲ ਅੰਮ੍ਰਿਤਾ ਪ੍ਰੀਤਮ ਕੋਲ ਪਹੁੰਚਾਈ ਤੇ ਉਹਦੇ ਕੋਲੋਂ ਮੇਰੇ ਕੋਲ ਪਹੁੰਚ ਗਈ। ਬਾਵਾ ਦੀ ਲਾਵਾਰਸ ਲਾਸ਼ ਦੇ ਸਸਕਾਰ ਦਾ ਮਸਲਾ ਸੀ। ਮੈਂ ਇਹ ਖ਼ਬਰ ਫਿਰੋਜ਼ਸ਼ਾਹ ਰੋਡ ’ਤੇ ਮੁਸਾਫ਼ਰ ਨੂੰ ਜਾ ਕੇ ਦਿੱਤੀ ਤਾਂ ਫਟਾਫਟ ਹਸਪਤਾਲ ਤੋਂ ਲਾਸ਼ ਲੈਣ ਦਾ ਪ੍ਰਬੰਧ ਵੀ ਹੋ ਗਿਆ ਤੇ ਨਿਗਮਬੋਧ ਘਾਟ ਵਿਚ ਸਸਕਾਰ ਦਾ ਵੀ। ਮੁਸਾਫ਼ਰ ਦੀ ਆਪਣੀ ਉਮਰ ਉਸ ਵੇਲੇ 75 ਸਾਲ ਸੀ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਿਆ ਸੀ। ਸਾਡੇ ਸ਼ਮਸ਼ਾਨਘਾਟ ਪਹੁੰਚਣ ਤੱਕ ਮੁਸਾਫ਼ਰ ਅੱਧਾ ਘੰਟਾ ਸੰਘਣੇ ਰੁੱਖ ਦੀ ਛਾਂ ਥੱਲੇ ਖਲੋਤਾ ਉਡੀਕਦਾ ਰਿਹਾ ਸੀ। ਕਮਾਲ ਦਾ ਬੰਦਾ ਸੀ।
ਉਸ ਦੀ ਇਕ ਰੁਬਾਈ ਨਾਲ ਗੱਲ ਅੱਗੇ ਤੋਰਦਾ ਹਾਂ:
ਚੰਗਾ ਹੋਇਆ ਜੱਗ ਨੇ ਮੈਨੂੰ ਸਮਝ ਲਿਆ ਦੀਵਾਨਾ
ਇਸ ਇਕ ਗੱਲ ਨੇ ਮੇਰੇ ਗਲੋਂ ਲਾਹਿਆ ਕੁਲ ਜ਼ਮਾਨਾ
ਹਰ ਕੋਈ ਆਖੇ ਪਾਗਲ ਹੈ ਇਹ ਇਸਦਾ ਦੋਸ਼ ਨਾ ਕੋਈ
ਕਿਤਨਾ ਸੁਹਣਾ ਮਿਲਿਆ ਮੈਨੂੰ ਆਪਣੇ ਆਪ ਬਹਾਨਾ।
ਮੁਸਾਫ਼ਰ ਕਵੀ ਤੇ ਮਨੁੱਖ ਦੇ ਕੀ ਕਹਿਣੇ। ਹੀਰਾ ਸਿੰਘ ਦਰਦ, ਫਿਰੋਜ਼ਦੀਨ ਸ਼ਰਫ਼, ਵਿਧਾਤਾ ਸਿੰਘ ਤੀਰ ਤੇ ਨੰਦ ਲਾਲ ਨੂਰਪੁਰੀ ਹਰ ਕੋਈ ਉਸ ਦਾ ਕੁੰਡਾ ਖੜਕਾ ਸਕਦਾ ਸੀ। ਬਾਵਾ ਬਲਵੰਤ ਦੀ ਮ੍ਰਿਤਕ ਦੇਹ ਸਮੇਤ। ਉਸ ਨੂੰ ਜੇ ਕੋਈ ਝੋਰਾ ਸੀ ਤਾਂ ਇਹ ਕਿ ਉਸ ਦੇ ਬਚਪਨ ਵਿਚ ਪਲੇਗ ਦੀ ਮਹਾਂਮਾਰੀ ਨੇ ਉਸ ਦੀ ਮਾਂ ਦੀ ਜਾਨ ਲੈ ਲਈ ਸੀ। ਉਹਦੇ ਵੱਲੋਂ ਆਪਣੀ ਮਾਂ ਲਈ ਲਿਖੇ ਸ਼ਬਦ ਪੜ੍ਹਨ ਵਾਲੇ ਹਨ:
‘ਮੇਰੇ ਸਭ ਹਮਸਫ਼ਰਾਂ ਦੀਆਂ ਮਾਵਾਂ ਸਨ। ਪ੍ਰਤਾਪ ਸਿੰਘ ਕੈਰੋਂ ਦੀ ਮਾਂ, ਈਸ਼ਰ ਸਿੰਘ ਮਝੈਲ ਦੀ ਮਾਂ, ਬਲਵੰਤ ਸਿੰਘ ਗੁਜਰਖਾਨੀ ਦੀ ਮਾਂ ਤੇ ਖ਼ਾਸਕਰ ਦਰਸ਼ਨ ਸਿੰਘ ਫੇਰੂਮਾਨ ਦੀ ਮਾਂ। ਇਨ੍ਹਾਂ ਮਾਵਾਂ ਤੋਂ ਮੈਨੂੰ ਸਕੇ ਪੁੱਤਰਾਂ ਤੋਂ ਵੱਧ ਪਿਆਰ ਮਿਲਿਆ। ਪਰ ਏਨੀਆਂ ਮਾਵਾਂ ਦਾ ਪਿਆਰ ਵੀ ਮੇਰੀ ਮਾਤ੍ਰੀ ਪਿਆਰ ਦੀ ਭੁੱਖ ਨਾ ਘਟਾ ਸਕਿਆ। ਸਗੋਂ ਮਹਿਸੂਸ ਕਰਾਂਦਾ ਰਿਹਾ ਕਿ ਪੁੱਤਰ ਲਈ, ਖ਼ਾਸ ਕਰ ਮੁਸਾਫ਼ਰ ਪੁੱਤ ਲਈ ਮਾਂ ਦੀ ਛਾਂ ਕਿੰਨੀ ਜ਼ਰੂਰੀ ਹੁੰਦੀ ਹੈ।’’
ਉਸ ਨੇ ਇਹ ਵੀ ਲਿਖਿਆ ਕਿ ਇਕ ਦਿਨ ਉਸ ਦੀ ਮਾਂ ਨੇ ਰਾਤ ਦੀਆਂ ਪੱਕੀਆਂ ਦੋ ਰੋਟੀਆਂ, ਅੰਬ ਦਾ ਅਚਾਰ ਤੇ ਮੱਖਣ ਪੋਣੇ ਵਿਚ ਬੰਨ੍ਹ ਕੇ ਤੇ ਇਨ੍ਹਾਂ ਨਾਲ ਇਕ ਰੁਪਿਆ ਦੇ ਕੇ ਉਸ ਨੂੰ ਪਿੰਡੀ ਤੋਰ ਦਿੱਤਾ ਸੀ। ਇਹ ਸੋਚ ਕੇ ਕਿ ਉੱਥੇ ਗਿਆ ਉਸ ਦਾ ਪੁੱਤਰ ਬਚਿਆ ਰਹੇਗਾ। ਇਹੀਓ ਹੋਇਆ। ਮਾਂ ਤੁਰ ਗਈ ਤੇ ਪੁੱਤ ਬਚ ਗਿਆ। ਪੁੱਤ ਨੂੰ ਮ੍ਰਿਤਕ ਮਾਂ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ।
ਹੋਰ ਗੱਲਾਂ ਵੀ ਨੇ। ਪਹਿਲਾਂ ਹਰਿਭਜਨ ਸਿੰਘ ਦੀ ਕਰ ਲਈਏ। ਉਸ ਦਾ ਜੀਵਨ ਇਕ ਪੱਖ ਤੋਂ ਮੁਸਾਫ਼ਰ ਨਾਲੋਂ ਵੀ ਚੰਦਰਾ ਸੀ। ਛੋਟੇ ਹੁੰਦਿਆਂ ਮਾਂ-ਬਾਪ ਹੀ ਨਹੀਂ ਦੋਵੇਂ ਵੱਡੀਆਂ ਭੈਣਾਂ ਵੀ ਬੇਵਕਤੀ ਮੌਤ ਮਰ ਗਈਆਂ। ਉਸ ਨੂੰ ਉਸ ਦੀ ਮਾਸੀ ਨੇ ਪਾਿਲਆ ਤੇ ਪੜ੍ਹਾਇਆ। ਜਿੱਥੇ ਮੁਸਾਫ਼ਰ ਦੇ ਬਚਪਨ ਨੇ ਉਸ ਨੂੰ ਸੰਘਰਸ਼ ਦੇ ਰਾਹ ਤੋਰਿਆ ਤੇ ਹਰਿਭਜਨ ਦੇ ਸਦਮਿਆਂ ਨੇ ਉਸ ਨੂੰ ਸੰਜੀਦਾ ਬਣਾਇਆ। ਕਲਰਕ, ਸਕੂਲ ਮਾਸਟਰ, ਕਾਲਜ ਦਾ ਲੈਕਚਰਾਰ ਤੇ ਪ੍ਰੋਫ਼ੈਸਰ ਅਤੇ ਯੂਨੀਵਰਸਿਟੀ ਡੀਨ। ਉਸ ਦੇ ਜੀਵਨ ਨੂੰ ਇਕ ਸ਼ਿਅਰ ਵਿਚ ਬੰਦ ਕਰਨਾ ਹੋਵੇ ਤਾਂ ਮੈਂ ਉਸ ਦੇ ਕਵੀ ਮਿੱਤਰ ਈਸ਼ਵਰ ਚਿੱਤਰਕਾਰ ਦਾ ਸ਼ਿਅਰ ਵਰਤਾਂਗਾ:
ਦੁਸ਼ਮਣ ਬਣੀ ਹੈ ਹੁਣ ਤਾਂ ਆਪਣੀ ਇਕੱਲਤਾ ਹੀ
ਮੰਜ਼ਿਲ ਤੇ ਆ ਗਿਆ ਹਾਂ ਹੋਰਾਂ ਤੋਂ ਮੈਂ ਅਗੇਰੇ
ਸਟੇਜੀ ਕਵੀ ਗੱਲਾਂਬਾਤਾਂ ਵਿਚ ਵੀ ਸਮਾਂ ਬੰਨ੍ਹ ਦਿੰਦੇ ਸਨ। ਗੁਰਦਾਸਪੁਰੀ ਗੱਲਾਂ ਦਾ ਬਾਦਸ਼ਾਹ ਸੀ। ਜ਼ਿੰਦਾਦਿਲ ਤੇ ਦਬੰਗ।
ਹਰਿਭਜਨ ਸਿੰਘ ਦੀ ਸਿਰਜਣਾ ਵਿਚ ਸੰਜੀਦਗੀ ਦੀ ਥਾਹ ਪਾਉਣੀ ਹੋਵੇ ਤਾਂ ਉਸ ਦੀਆਂ 1984 ਦੇ ਸਿੱਖ ਕਤਲ-ਏ-ਆਮ ਦੇ ਪ੍ਰਸੰਗ ਵਿਚ ਲਿਖੀਆਂ ਦੋ ਰਚਨਾਵਾਂ ਕਾਫ਼ੀ ਹਨ:
– ਲੂੰ-ਲੂੰ ’ਚ ਸਿਤਮ ਹੈ ਸੁਲਗ਼ ਰਿਹਾ
ਬੁੱਲ੍ਹਾਂ ’ਚ ਕਿਤੇ ਫ਼ਰਿਆਦ ਨਹੀਂ
ਐ ਸਿਤਮਗਰੋ ਆਪੇ ਹੀ ਕਹੋ
ਮੈਂ ਸ਼ਾਦ ਹਾਂ ਯਾ ਨਾਸ਼ਾਦ ਨਹੀਂ
ਉਹ ਸੀਸ ਤਲੀ ਉਹ ਤੇਰੀ ਗਲੀ
ਉਹ ਸਾਡੀ ਤੁਹਾਡੀ ਬਾਤ ਚਲੀ
ਤੁਸਾਂ ਜੋ ਕੀਤੀ, ਅਸਾਂ ਜੋ ਬੀਤੀ
ਕੁਝ ਯਾਦ ਵੀ ਹੈ, ਕੁਝ ਯਾਦ ਨਹੀਂ
ਕੁਝ ਸ਼ੌਕ ਅਸਾਡੇ ਤੁਰ ਵੀ ਗਏ
ਕੁਝ ਭਰਮ ਭੁਲੇਖੇ ਭੁਰ ਵੀ ਗਏ
ਇਤਬਾਰ ਪੁਰਾਣਾ ਡੋਲ ਗਿਆ
ਇਤਕਾਦ ਵੀ ਹੁਣ ਇਤਕਾਦ ਨਹੀਂ
– ਅਸਾਡੇ ਰਾਹ ਵਿਚ ਇਕ ਰੁਖ ਹੈ ਜਿਸ ਦੀ ਛਾਂ ਅਸੀਂ ਖ਼ੁਦ ਹਾਂ
ਨਿਛਾਵਾਂ ਚੁੱਪ ਖੜ੍ਹਾ ਗੁੰਮਸੁੰਮ ਵਸਾ ਚਲੀਏ ਹਸਾ ਚਲੀਏ
ਇਨ੍ਹਾਂ ਰਾਹਾਂ ’ਚ ਖੰਡਰ ਨੇ ਬੁਝੇ ਹੋਏ ਦਿਲਾਂ ਵਰਗੇ
ਚਲੋ ਇਨ੍ਹਾਂ ’ਚ ਆਪਣੇ ਪਿਆਰ ਦੇ ਦੀਵੇ ਜਗਾ ਚਲੀਏ
ਉਮਰ ਭਰ ਜੋ ਕਮਾਇਆ ਸੀ ਲੁਟਾਇਆ ਉਸ ਨੂੰ ਗ਼ੈਰਾਂ
ਲੁਟਾਉਂਦੇ ਦੋਸਤੋ ਅੱਜ ਦਿਲ ਦੀ ਦੌਲਤ ਬੇਬਹਾ ਚਲੀਏ
ਵਿਛੋੜੇ ਵਿਚ ਅਸੀਂ ਵਸੇ ਪਰੇਤਾਂ ਨਾਲ ਉਹ ਵਸੇ
ਖੁਸ਼ੀ ਦਾ ਵਕਤ ਹੈ ਦੇ ਕੇ ਨ ਕੋਈ ਬਦਦੁਆ ਚਲੀਏ
ਰਸਤੇ ਵਿਚ ਖ਼ੁਦਾ ਦਾ ਘਰ ਕੁਈ ਆਵੇ ਤਾਂ ਰੁਕ ਜਾਈਏ
ਤੇ ਵਾਪਸ ਆ ਗਿਆ ਹੋਵੇ ਖ਼ੁਦਾ ਤਾਂ ਹੀ ਅਗਾਂਹ ਚਲੀਏ
ਜੀ ਆਇਆਂ ਕਹਿਣ ਨੂੰ ਕੁਝ ਅੱਥਰੂ ਅੱਖੀਆਂ ’ਚੋਂ ਉਤਰਨਗੇ
ਮਨੁੱਖ ਦੇ ਜਾਂ ਮਗਰਮੱਛ ਦੇ ਨ ਕਰਕੇ ਫ਼ੈਸਲਾ ਚਲੀਏ
ਕਿਸੇ ਮੇਲੀ ਤੋਂ ਅੱਜ ਦੇ ਬਾਦ ਉਹਦਾ ਧਰਮ ਨ ਪੁੱਛੀਏ
ਸਿਖਾਉਂਦਾ ਨਈਂ ਲੜਾਉਂਦਾ ਹੈ ਇਹ ਮਜ਼ਹਬ ਨੂੰ ਸੁਣਾ ਚਲੀਏ।
ਇਕ ਕਵੀ ਦਰਬਾਰ ਦੀ ਵਾਗਡੋਰ ਉਹਦੇ ਹੱਥ ਸੀ। ਕਿਸ ਨੂੰ ਕਵਿਤਾ ਪੜ੍ਹਨ ਲਈ ਕਹਿਣਾ ਹੈ ਤੇ ਕਿਸ ਨੂੰ ਨਹੀਂ, ਉਸ ਨੇ ਤੈਅ ਕਰਨਾ ਸੀ। ਇਕ ਜਾਣੇ-ਪਛਾਣੇ ਕਵੀ ਦਾ ਨਾਂ ਲਿਸਟ ਵਿਚ ਨਹੀਂ ਸੀ। ਉਹ ਆਪ ਤਾਂ ਹੌਸਲਾ ਨਾ ਕਰ ਸਕਿਆ, ਕਿਸੇ ਹੋਰ ਦੀ ਸਿਫ਼ਾਰਸ਼ ਪਵਾਈ। ਸਿਫ਼ਾਰਸ਼ੀ ਨੇ ਇਹ ਨੁਕਤਾ ਬਣਾਇਆ ਕਿ ਉਸ ਕਵੀ ਤੋਂ ਵੀ ਕਵਿਤਾ ਪੜ੍ਹਾ ਲਈ ਜਾਵੇ ਤਾਂ ਉਹਦਾ ਦੋ ਦਿਨ ਦਾ ਤੋਰੀ ਫੁਲਕਾ ਤੁਰ ਪਊ। ਗੁਰਦਾਸਪੁਰੀ ਨੂੰ ਇਹ ਗੱਲ ਚੰਗੀ ਨਾ ਲੱਗੀ। ਸਿਫ਼ਾਰਸ਼ੀ ਨੂੰ ਕਹਿਣ ਲੱਗਿਆ, ‘‘ਤੂੰ ਮੇਰਾ ਰੱਬ ਨਾਲ ਆਢਾ ਲੁਆਣੈ, ਰੱਬ ਉਹਦਾ ਤੋਰੀ ਫੁਲਕਾ ਤੋਰਨਾ ਨਹੀਂ ਚਾਹੁੰਦਾ ਤੇ ਤੂੰ ਮੇਰੇ ਕੋਲੋਂ ਤੁਰਵਾ ਰਿਹੈਂ।’’ ਫ਼ਰਮਾਇਸ਼ੀ ਤਾਂ ਸ਼ਰਮਿੰਦਾ ਜਿਹਾ ਹੋ ਕੇ ਪਰਤ ਆਇਆ ਪਰ ਗੁਰਦਾਸਪੁਰੀ ਨੇ ਉਸ ਕਵੀ ਦਾ ਨਾਂ ਬੋਲਣ ਵਾਲਿਆਂ ਵਿਚ ਪਾ ਲਿਆ।
ਇਕ ਹੋਰ ਕਵੀ ਦਰਬਾਰ ਵਿਚ ਉਸ ਦੇ ਮਿੱਤਰ ਤਾਰਾ ਸਿੰਘ ਨੇ ਕਵਿਤਾ ਪੜ੍ਹਨੀ ਸੀ। ਉਸ ਦੀ ਕਵਿਤਾ ਦਾ ਨਾਂ ‘ਨਿਆਣੇ ਕੁੱਟ ਮੀਂਹ’ ਸੀ। ਸਟੇੇਜ ਲਈ ਚੰਗੀ ਸੀ। ਪਹਿਲਾਂ ਵੀ ਸੁਣਾ ਚੁੱਕਿਆ ਸੀ। ਗੁਰਦਾਸਪੁਰੀ ਨੇ ਨਹੀਂ ਟੋਕਿਆ। ਤਾਰਾ ਸਿੰਘ ਮਾਈਕ ਫੜ ਕੇ ਸਮਾਂ ਬੰਨ੍ਹਣ ਲਈ ਰਾਤ ਸਮੇਂ ਉੱਤਰੀ ਵਰਖਾ ਦਾ ਜ਼ਿਕਰ ਕਰਦਿਆਂ ਆਪਣੇ ਘਰ ਦਾ ਨਕਸ਼ਾ ਵੀ ਖਿੱਚਣਾ ਹੁੰਦਾ ਸੀ। ਸਰੋਤੇ ਅੰਤਰਧਿਆਨ ਸੁਣ ਰਹੇ ਸਨ ਤੇ ਤਾਰਾ ਸਿੰਘ ਬੋਲ ਰਿਹਾ ਸੀ, ‘‘ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾ।’’ ਉਸ ਨੇ ਇਹ ਵਾਲੀ ਤੁਕ ਦੋ ਵਾਰ ਦੁਹਰਾਈ। ਫੇਰ ਜਦ ਤਾਰਾ ਸਿੰਘ ਨੇ ਤੀਜੀ ਵਾਰ ਇਹ ਦੁਹਰਾਇਆ ਤਾਂ ਗੁਰਦਾਸਪੁਰੀ ਬੋਲਿਆ, ‘‘ਹੁਣ ਅੱਗੇ ਵੀ ਚੱਲ, ਇਥੇ ਹੀ ਫਸ ਗਿਆ ਏਂ।’’ ਗੁਰਦਾਸਪੁਰੀ ਦੀ ਟਿੱਪਣੀ ’ਤੇ ਖ਼ੂਬ ਤਾਲੀਆਂ ਵੱਜੀਆਂ। ਮਜ਼ਾ ਆ ਗਿਆ।
ਗੁਰਦਾਸਪੁਰੀ ਤੇ ਤਾਰਾ ਸਿੰਘ ਦੀ ਜ਼ਿੰਦਾਦਿਲੀ ਦੀਆਂ ਗੱਲਾਂ ਦਾ ਤਾਂ ਕੋਈ ਅੰਤ ਨਹੀਂ, ਪਰ ਮੇਰੇ ਲਈ ਕਾਵਿਕ ਉਤਮਤਾ ਰੱਖਣਾ ਔਖਾ ਹੋ ਰਿਹਾ ਹੈ। ਤਾਰਾ ਸਿੰਘ ਦੀ ਆਖ਼ਰੀ ਉਮਰੇ ਲਿਖੀ ਕਵਿਤਾ ਦਿੱਤੇ ਬਿਨਾਂ ਨਹੀਂ ਰਹਿ ਸਕਦਾ:
ਘਰ ਦੇ ਵੀ ਹਨ
ਕੰਮ-ਧੰਦੇ ਸਭ ਸਰਦੇ ਵੀ ਹਨ
ਖਾਂਦੇ-ਪੀਂਦੇ ਲੋਕੀਂ ਆਦਰ ਕਰਦੇ ਵੀ ਹਨ
ਉੱਚੀ-ਨੀਵੀਂ ਸੁਣ ਕੇ ਲੋਕੀਂ ਜਰਦੇ ਵੀ ਹਨ
ਨਾਂ ਲਈਏ ਤਾਂ ਵੱਡੇ ਲੋਕੀਂ ਡਰਦੇ ਵੀ ਹਨ
ਬਾਹਰ ਕੁਝ ਮੁਹੱਬਤਾਂ ਵੀ ਨੇ, ਪਰਦੇ ਵੀ ਹਨ,
ਨਾ ਮਿਲੀਏ ਤਾਂ ਹੁਸਨਾਂ ਵਾਲੇ
ਠੰਢੇ ਹਉਕੇ ਭਰਦੇ ਵੀ ਹਨ
ਪਹਿਲਾਂ ਘਰ ਜਾਵਣ ਦੇ ਵਾਅਦੇ
ਦਾਅਵੇ ਰੋਜ਼ ਹਸ਼ਰ ਦੇ ਵੀ ਹਨ
ਧਨ, ਜੋਬਨ ਦਾ ਸਾਥ ਬਥੇਰਾ
ਬਾਹਰ ਦੇ ਵੀ, ਘਰ ਦੇ ਵੀ ਹਨ।
ਜਦ ਸਮਰੱਥਾ, ਵਸਤਾਂ ਤੇ ਸਤਿਕਾਰ ਨਹੀਂ ਸੀ
ਕੱਲਾ ਸੀ, ਕੋਈ ਯਾਰ ਨਹੀਂ ਸੀ
ਹਰ ਬੂਹੇ ’ਤੇ ਦੁਰ ਦੁਰ ਸੀ, ਦਿਲਦਾਰ ਨਹੀਂ ਸੀ
ਖਾਂਦੇ-ਪੀਂਦੇ ਲੋਕਾਂ ਕੋਲ ਪਿਆਰ ਨਹੀਂ ਸੀ
ਊੱਚੀ ਨੀਵੀਂ ਆਖਣ ਦਾ ਅਧਿਕਾਰ ਨਹੀਂ ਸੀ
ਘਰ ਦੇ ਨਹੀਂ ਸਨ ਤੇ ਆਪਣਾ ਘਰ-ਬਾਰ ਨਹੀਂ ਸੀ
ਤਦ ਮੈਨੂੰ ਕੁਝ ਗੁਆਚ ਜਾਣ ਦਾ ਫ਼ਿਕਰ ਨਹੀਂ ਸੀ
ਚਿੰਤਾ ਦਾ ਵਿਸਥਾਰ ਨਹੀਂ ਸੀ
ਹੁਣ ਸਭ ਕੁਝ ਹੈ
ਹਰ ਵੇਲੇ ਚਿੰਤਾ ਰਹਿੰਦੀ ਹੈ
ਕਿਸੇ ਪਾਿਸਓਂ ਭੁਰ ਨਾ ਜਾਵਾਂ
ਖੁੱਸ ਨਾ ਜਾਵਾਂ, ਥੁੜ੍ਹ ਨਾ ਜਾਵਾਂ
ਆਂਢ-ਗੁਆਂਢੇ ਧੁੱਪ ਬੜੀ ਹੈ, ਖੁਰ ਨਾ ਜਾਵਾਂ
ਕਰਨੇ ਵਾਲੇ ਕੰਮ ਬੜੇ ਨੇ, ਕਿਰ ਨਾ ਜਾਵਾਂ
ਮੈਂ ਆਯੂ ਦੀ ਜਿਸ ਮੰਜ਼ਿਲ ’ਤੇ
ਇੱਥੋਂ ਲੋਕੀਂ ਤੁਰ ਜਾਂਦੇ ਨੇ
ਮੈਂ ਵੀ ਕਿਧਰੇ ਖੜ੍ਹਾ-ਖੜੋਤਾ ਤੁਰ ਨਾ ਜਾਵਾਂ
ਇਸ ਤੋਂ ਪਹਿਲਾਂ ਕਿ ਮੈਂ ਹਰਿਭਜਨ ਸਿੰਘ ਦੀ ਪੰਜਾਬੀ ਕਵਿਤਾ ਨੂੰ ਦੇਣ ਵੱਲ ਪਰਤਾਂ ਉਸ ਦੇ ਸਮਕਾਲੀ ਸਟੇਜੀਆਂ ਦੇ ਤਿੰਨ ਨਮੂਨੇ ਹੋਰ:
ਸੁਬ੍ਹਾ ਜਦ ਰੋਜ਼ ਉਠਦਾ ਹਾਂ
ਤਾਂ ਇਹ ਦਿਲ ਰੋਣ ਲੱਗਦਾ ਏ
ਰਹੇ ਜੋ ਰਾਤ ਦੀ ਮਸਤੀ
ਨੈਣਾਂ ’ਚੋਂ ਚੋਣ ਲਗਦਾ ਏ
ਬੜਾ ਫਿਰ ਭਗਤ ਬਣ ਕੇ ਤੇ
ਇਹ ਸਾਬਰ ਪਾਠ ਕਰਦਾ ਏ
ਜਦੋਂ ਫਿਰ ਸ਼ਾਮ ਪੈਂਦੀ ਏ
ਖੌਰੇ ਕੀ ਹੋਣ ਲੱਗਦਾ ਏ
– ਤੇਜਾ ਸਿੰਘ ਸਾਬਰ
ਅੱਖ ਖੁੱਲ੍ਹੀ ਦਿਨ ਚੜ੍ਹੇ ਬਾਰੀ ’ਤੇ ਜਾ ਪਹੁੰਚੀ ਨਜ਼ਰ
ਰਾਤ ਬਾਕੀ ਹੈ ਅਜੇ ਇਹ ਸੋਚ ਕੇ ਮੈਂ ਸੌਂ ਗਿਆ
– ਬਿਸ਼ਨ ਸਿੰਘ ਉਪਾਸ਼ਕ
ਬਾਬੇ ਮੱਝੀਆਂ ਚਾਰੀਆਂ ਕ੍ਰਿਸ਼ਨ ਗਊਆਂ
ਸਾਨੂੰ ਫਿਰ ਵੀ ਖਾਲਸ ਨਹੀਂ ਦੁੱਧ ਮਿਲਦਾ
ਦੇਸੀ ਘਿਓ ਮਿਲਣਾ ਰਿਹਾ ਇਕ ਪਾਸੇ
ਬਨਸਪਤੀ ਵੀ ਇੱਥੇ ਨਹੀਂ ਸ਼ੁੱਧ ਮਿਲਦਾ
– ਸੰਸਾਰ ਸਿੰਘ ਗਰੀਬ
ਪਰ ਗੁਰਦਾਸਪੁਰੀ ਦਾ ਸਟੇਜੀ ਪੱਖ ਹਰ ਕਿਸੇ ਨੂੰ ਮਾਤ ਪਾਉਂਦਾ ਸੀ। ਇਕ ਵਾਰੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਕਵੀ ਦਰਬਾਰ ਵਿਚ ਗੁਰਦਾਸਪੁਰੀ ਨੇ ਤੁਲਸੀ ਨੂੰ ਕੋਈ ਟਿੱਚਰ ਕੀਤੀ ਜਿਸ ਦੇ ਸਬੰਧ ਵਿਚ ਉਹਦੇ ਗੀਤਾਂ ਦੀ ਕਮਜ਼ੋਰੀ ਨਾਲ ਸੀ, ਪਰ ਤੁਲਸੀ ਨੂੰ ਆਪਣੀ ਆਵਾਜ਼ ਉਤੇ ਮਾਣ ਸੀ। ਉਸ ਨੇ ਮੰਚ ਉੱਤੇ ਜਾ ਕੇ ਕਵਿਤਾ ਪੜ੍ਹਨ ਦੀ ਥਾਂ ਆਪਣੀ ਰਚਨਾ ਕਰਨ ਵਾਲੀ ਕਲਮ ਨਿਲਾਮ ਕਰਨ ਦੀ ਬੋਲੀ ਦੇਣੀ ਸ਼ੁਰੂ ਕਰ ਦਿੱਤੀ। ਪੰਜ-ਸੱਤ ਰੁਪਏ ਦੀ ਕਲਮ (ਪੈੱਨ) ਦੀ ਬੋਲੀ 1100 ਰੁਪਏ ’ਤੇ ਟੁੱਟੀ। ਉਨ੍ਹਾਂ ਦਿਨਾਂ ਵਿਚ 1100 ਰੁਪਏ ਅੱਜ ਦੇ 11,000 ਰੁਪਏ ਦੇ ਬਰਾਬਰ ਸਨ। ਇਸ ਤੋਂ ਵੀ ਵੱਧ।
ਗੁਰਦਾਸਪੁਰੀ ਦੀ ਬੇਇੱਜ਼ਤੀ ਹੋ ਗਈ। ਉਹ ਕਵਿਤਾ ਪੜ੍ਹੇ ਬਿਨਾਂ ਹੀ ਸਟੇਜ ਤੋਂ ਉੱਠ ਆਇਆ ਤੇ ਮੇਰੇ ਮੋਟਰਸਾਈਕਲ ਉੱਤੇ ਬਹਿ ਕੇ ਮੈਨੂੰ ਮੋਤੀਆ ਖਾਨ ਆਪਣੇ ਘਰ ਲੈ ਗਿਆ। ਕਵਿਤਾ ਪੜ੍ਹ ਕੇ ਤਾਰਾ ਸਿੰਘ ਵੀ ਉੱਥੇ ਪਹੁੰਚ ਗਿਆ। ਤਾਰਾ ਸਿੰਘ ਦੇ ਪਹੁੰਚਣ ਤੱਕ ਗੁਰਦਾਸਪੁਰੀ ਨਸ਼ੇ ਦੇ ਪੂਰੇ ਲੋਰ ਵਿਚ ਸੀ। ਆਪਣੀ ਲਿਖੀ ਗੁਰਬਖਸ਼ ਸਿੰਘ ਨਿਹੰਗ ਦੀ ਵਾਰ ਸੁਣਾਉਣ ਲੱਗਾ:
ਗੁਰਬਖਸ਼ ਸਿੰਘ ਨਿਹੰਗ ਹੋਇਆ ਦਲਾਂ ਦਾ ਮੋਹਰੀ
ਉਨ੍ਹ ਸੁੱਖ੍ਹਾ ਛਕਿਆ ਕਹਿਰ ਦਾ, ਭੰਗ ਪਾ ਕੇ ਬੋਰੀ
ਉਨ੍ਹ ਸੀਸ ਦੁਮਾਲਾ ਸਾਜਿਆ, ਰੱਖ ਰੱਬ ’ਤੇ ਡੋਰੀ
ਉਨ੍ਹ ਖੰਡਾ ਬੰਨ੍ਹਿਆ ਲੱਕ ਨੂੰ ਲਾ ਸਾਣੇ ਦੋਹਰੀ
ਉਨ੍ਹ ਬਰਛਾ ਫੜ੍ਹ ਲਿਆ ਧੜੀ ਦਾ, ਜਿਹਦੀ ਲੰਮੀ ਪੋਰੀ
ਉਨ੍ਹ ਖਿੱਚੀ ਤੇਗ ਮਿਆਨ ’ਚੋਂ, ਰਤ ਪੀਣੀ ਗੋਰੀ
ਅਤੇ ਪਾ ਕੇ ਸ਼ਹੀਦੀ ਚੋਲੜਾ, ਗੱਲ ਐਦਾਂ ਤੋਰੀ
ਜਿਨ੍ਹ ਰਣ ਤੱਤੇ ਵਿਚ ਲੈਣੀ, ਅੱਜ ਮੌਤ ਦੀ ਲੋਰੀ
ਉਹ ਅੱਗੇ ਆ ਜਾਏ ਸੂਰਮਾ, ਢਿੱਲ ਲਾਏ ਨਾ ਭੋਰੀ
ਜਿਨ੍ਹ ਕਰ ਕੇ ਜਿੰਦ ਪਿਆਰੜੀ, ਭੱਜ ਜਾਣਾ ਚੋਰੀ
ਉਹ ਹੁਣੇ ਹੀ ਪਤਰਾ ਵਾਚ ਜਾਏ, ਗੱਲ ਕੀਤੀ ਕੋਰੀ
ਤਾਰਾ ਸਿੰਘ ਨੇ ਤੇ ਮੈਂ ਅਸ਼ ਅਸ਼ ਕੀਤੀ ਤਾਂ ਗੁਰਦਾਸਪੁਰੀ ਤੁਲਸੀ ਦੀ ਕਲਮ ਦੀ ਬੋਲੀ ਦੇਣ ਵਾਲਿਆਂ ਉੱਤੇ ਵਰ੍ਹ ਪਿਆ। ਕਾਨਫਰੰਸ ਦੇ ਪ੍ਰਬੰਧਕਾਂ ਉੱਤੇ ਵੀ। ਉਸ ਨੇ ਆਪਣੀ ਪਗੜੀ ਲਾਹ ਕੇ ਇਕ ਪਾਸੇ ਰੱਖ ਦਿੱਤੀ ਅਤੇ ਬੋਲਿਆ, ‘‘ਮੈਂ ਕੱਲ੍ਹ ਨੂੰ ਦਾੜ੍ਹੀ ਤੇ ਕੇਸ ਮੁਨਾ ਕੇ ਇਨ੍ਹਾਂ ਦੇ ਸਾਹਮਣੇ ਹੋਇਆ ਤਦ ਹੀ ਸਵਾਦ ਆਊ ਇਨ੍ਹਾਂ ਨੂੰ ਤੁਲਸੀ ਦੀ ਕਲਮ ਦੀ ਬੋਲੀ 1100 ਰੁਪਏ ਤੱਕ ਵਧਾਉਣ ਦਾ। ਮੇਰੇ ਵਾਲੀ ਵਾਰ ਸੁਣਦੇ ਤਾਂ ਪਤਾ ਲੱਗਦਾ। ਕਲਮ ਦੇ ਕਾਨੇ ਪਿੱਛੇ ਹੋ ਤੁਰੇ। ਅਕਲ ਦੇ ਅੰਨ੍ਹੇ।’’
ਉਨ੍ਹਾਂ ਦਿਨਾਂ ਵਿਚ ਸ਼ਿਵ ਕੁਮਾਰ ਵੀ ਸਿਖ਼ਰ ’ਤੇ ਸੀ। ਸੁਰੀਲੀ ਪੇਸ਼ਕਾਰੀ ਵਿਚ ਸ਼ਿਵ ਬਟਾਲਵੀ ਹਰਿਭਜਨ ਸਿੰਘ ਨੂੰ ਵੀ ਮਾਤ ਪਾਉਂਦਾ ਸੀ ਮਾਈਕ ਅੱਗੇ ਹੋ ਕੇ:
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਵਾਂਣਾ!
ਕਤਕ ਸਾਹ ਵਿਚ ਦੂਰ ਪਹਾੜੀਂ ਕੂੰਜਾਂ ਦਾ ਕੁਰਲਾਣਾ
ਕਾਲੀ ਰਾਤੇ ਸਰਕੜਿਆਂ ’ਚੋਂ
ਪੌਣਾਂ ਦਾ ਲੰਘ ਜਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਗਾ ਕੇ ਸੁਣਾਉਂਦਾ ਤਾਂ ਸਰੋਤੇ ਮੰਤਰ ਮੁਗਧ ਹੋ ਕੇ ਸੁਣਕੇ। ਮੈਨੂੰ ਕੱਲ੍ਹ ਵਾਂਗ ਚੇਤੇ ਹਾਂ ਕਿ ਜਦੋਂ ਮੇਰੀ ਸ਼ਾਦੀ ਸਮੇਂ ਅਨੰਦ ਕਾਰਜ ਤੋਂ ਪਿੱਛੋਂ ਸ਼ਿਵ ਨੂੰ ਕੁਝ ਸੁਣਾਉਣ ਲਈ ਕਿਹਾ ਗਿਆ ਤਾਂ ਸ਼ਿਵ ਨੇ ਆਪਣੀ ਲੂਣਾ ਨਾਂ ਦੀ ਰਚਨਾ ਵਿਚੋਂ ‘ਧੀਆਂ ਦੇ ਦੁਖ ਡਾਢੇ ਵੇ ਲੋਕਾ…’ ਛੇੜ ਲਈ। ਚੋਣ ਗ਼ਲਤ ਸੀ ਪਰ ਸੁਣ ਰਹੀਆਂ ਇਸਤਰੀਆਂ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗ ਤੁਰੇ। ਮੋਹਨ ਸਿੰਘ, ਮੀਸ਼ਾ ਤੇ ਸੰਤ ਸਿੰਘ ਸੇਖੋਂ ਵੀ ਹਾਜ਼ਰ ਸਨ। ਸਾਰੇ ਹੈਰਾਨ ਕਿ ਊਸ ਨੇ ਉਸ ਮੌਕੇ ਇਹ ਬੋਲ ਕਿਉਂ ਗਾਏ। ਮੋਹਨ ਸਿੰਘ ਦੇ ਇਸ਼ਾਰੇ ਉੱਤੇ ਸੇਖੋਂ ਨੇ ਮਾਈਕ ਫੜਿਆ ਤੇ ਮੌਕਾ ਸਾਂਭਿਆ। ਸੇਖੋਂ ਨੇ ਸ਼ਿਵ ਦੇ ਬੋਲਾਂ ਦੀ ਕਾਵਿਕ ਉਤਮਤਾ ਨਿਖਾਰਨ ਪਿੱਛੋਂ ਪੁਰਾਣੇ ਸਮਿਆਂ ਦੇ ਟਾਕਰੇ ’ਤੇ ਨਵੇਂ ਯੁਗ ਦੀਆਂ ਧੀਆਂ ਨੂੰ ਵਡਿਆਇਆ। ਕਿਹਾ ਕਿ ਨਵੇਂ ਯੁਗ ਦੀਆਂ ਧੀਆਂ ਨੌਜਵਾਨਾਂ ਦੇ ਬਰਾਬਰ ਸਕੂਲ, ਕਾਲਜਾਂ ਵਿਚ ਪੜ੍ਹਾਉਂਦੀਆਂ ਤੇ ਫ਼ੌਜ ਵਿਚ ਨਰਸਾਂ ਤੇ ਡਾਕਟਰਾਂ ਦੀ ਡਿਊਟੀ ਦਿੰਦੀਆਂ ਹਨ। ਸੇਖੋਂ ਨੇ ਨਵੀਂ ਮੁਟਿਆਰਾਂ ਨੂੰ ਏਦਾਂ ਵਡਿਆਇਆ ਕਿ ਪਲਾਂ ਛਿਣਾਂ ਵਿਚ ਗ਼ਮੀ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ। ਸੇਖੋਂ ਦਾ ਹੁਕਮ ਮੰਨ ਕੇ ਸ਼ਿਵ ਨੂੰ ਹੋਰ ਰੰਗ ਦੇ ਬੋਲ ਸੁਣਾਉਣੇ ਪਏ:
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ
ਉਨ੍ਹਾਂ ਸਮਿਆਂ ਦਾ ਇਕ ਹੋਰ ਕਵੀ ਸੋਹਣ ਸਿੰਘ ਮੀਸ਼ਾ ਸੀ ਜਿਸ ਕੋਲ ਧੁਨੀ ਤਾਂ ਨਹੀਂ ਸੀ, ਪਰ ਉਸ ਨੂੰ ਆਪਣੇ ਧੀਮੇ ਬੋਲਾਂ ਉੱਤੇ ਪਹਿਰਾ ਦੇਣਾ ਆਉਂਦਾ ਸੀ। ਅਜੋਕੇ ਮਾਹੌਲ ਦਾ ਨਕਸ਼ਾ ਖਿੱਚਦੀ ਇਕ ਗ਼ਜ਼ਲ ਦੇ ਚੰਦ ਸਿਅਰ ਪੇਸ਼ ਹਨ:
ਪਾਲਤੂ ਚਿੜੀਆਂ ਤੋਂ ਕੁਝ ਤਾਂ ਸਿੱਖੀਏ
ਪਿੰਜਰਿਆਂ ਵਿਚ ਚਹਿਚਹਾਏ ਦੋਸਤੋ
ਵਿਛੜੇ ਹੋਏ ਹਾਂ ਅਪਣੇ ਆਪ ਤੋਂ
ਕੀ ਕਿਸੇ ਨੂੰ ਮਿਲਣ ਜਾਈਏ ਦੋਸਤੋ
ਘੁੱਪ ਹਨੇਰੇ ਵਿਚ ਟਟਹਿਣੇ ਢੂੰਡੀਏ
ਦੇਵੀਆਂ ਦਿਉਤੇ ਧਿਆਈਏ ਦੋਸਤੋ
ਹਥਲੇ ਲੇਖ ਨੂੰ ਹਰਿਭਜਨ ਸਿੰਘ ਦੇ ਜੀਵਨ ਕਾਲ ਤੱਕ ਹੀ ਸੀਮਤ ਰਖਦਾ ਹੋਇਆ ਮੈਂ ਕਵੀ ਦਰਬਾਰਾਂ ਵਿਚ ਤਰਨਮ ਦਾ ਪ੍ਰਭਾਵ ਦੱਸਣ ਲਈ ਇੰਦਰਜੀਤ ਸਿੰਘ ਤੁਲਸੀ ਦੀ ਗੱਲ ਦੁਹਰਾਉਣੀ ਚਾਹਾਂਗਾ। ਉਸਦੀ ਆਵਾਜ਼ ਤੇ ਧੁਨੀ ਏਨੀ ਬੁਲੰਦ ਸੀ ਕਿ ਹਰ ਤਰ੍ਹਾਂ ਦੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦਾ ਸੀ।
ਮੈਨੂੰ ਨਵੀਂ ਦਿੱਲੀ ਦੇ ਫਿੱਕੀ ਆਡੀਟੋਰੀਅਮ ਵਿਚ ਹੋਇਆ ਉਹ ਕਵੀ ਦਰਬਾਰ ਚੇਤੇ ਆ ਗਿਆ ਹੈ, ਜਿਸ ਦੀ ਪ੍ਰਧਾਨਗੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਤੁਲਸੀ ਨੇ ਆਪਣਾ ਉਹ ਗੀਤ ਪੇਸ਼ ਕੀਤਾ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਉਸਾਰੇ ਭਾਖੜਾ ਡੈਮ ਦੀਆਂ ਲਹਿਰਾਂ ਬਹਿਰਾਂ ਨੂੰ ਸਰ੍ਹਾਉਂਦੀ ਤੁਕਬੰਦੀ ਸੀ। ਜਦੋਂ ਤੁਲਸੀ ਨੇ ਗੀਤ ਖ਼ਤਮ ਕੀਤਾ ਤਾਂ ਪ੍ਰਧਾਨ ਮੰਤਰੀ ਨਹਿਰੂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਸੈਕਟਰੀ ਨੂੰ ਬੁਲਾ ਕੇ ਕਵੀ ਦਾ ਨਾਂ ਨੋਟ ਕਰਨ ਲਈ ਕਿਹਾ। ਉਸ ਪਿੱਛੋਂ ਪੰਡਤ ਨਹਿਰੂ ਨੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਉਹ ਪੰਜਾਬੀ ਭਾਸ਼ਾ ਤਾਂ ਨਹੀਂ ਸਮਝਦਾ, ਪਰ ਉਸ ਦਾ ਜੇਲ੍ਹ ਵਿਚ ਅਨੇਕਾਂ ਪੰਜਾਬੀਆਂ ਨਾਲ ਵਾਹ ਪਿਆ ਹੈ। ਉਹ ਸਾਰੇ ਜ਼ਿੰਦਾਦਿਲ ਜੀਊੜੇ ਸਨ। ਉਨ੍ਹਾਂ ਦੇ ਬੋਲ ਬੁਲਾਰੇ ਤੋਂ ਲਗਦਾ ਸੀ ਕਿ ਉਨ੍ਹਾਂ ਦੀ ਬੋਲੀ ਵਿਚ ਵੀ ਸ਼ਕਤੀ ਹੈ। ਥੋੜ੍ਹੇ ਸਮੇਂ ਪਿੱਛੋਂ ਉਸ ਵਰ੍ਹੇ ਦਿੱਤੀ ਗਈਆਂ ਪਦਮ ਸ੍ਰੀ ਉਪਾਧੀਆਂ ਵਿਚ ਇੰਦਰਜੀਤ ਸਿੰਘ ਤੁਲਸੀ ਦਾ ਨਾਂ ਵੀ ਦੇਖਣ ਤੇ ਪੜ੍ਹਨ ਨੂੰ ਮਿਲਿਆ। ਭਾਖੜਾ ਦਾ ਗੁਣ-ਗਾਇਨ ਕਰਨ ਵਾਲੇ ਤੁਲਸੀ ਦਾ।
ਮੈਂ ਵੀਹਵੀਂ ਸਦੀ ਦੇ ਕਵੀਆਂ ਦੀ ਗੱਲ ਨੂੰ ਆਵਾਜ਼ ਦੀ ਬੁਲੰਦੀ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੁੰਦਾ ਤੇ ਨਾ ਹੀ ਕਾਵਿਕ ਉਤਮਤਾਈ ਵਾਲੀਆਂ ਟੂਕਾਂ ਦੇ ਕੇ। ਬਾਅਦ ਵਿਚ ਚਮਕੇ ਸੁਰਜੀਤ ਪਾਤਰ, ਜਗਤਾਰ, ਸੁਰਿੰਦਰ ਗਿੱਲ ਤੇ ਮਨਜੀਤ ਇੰਦਰਾ ਵਰਗਿਆਂ ਦੀ ਗੱਲ ਵੀ ਕਰਾਂਗੇ। ਪਰ ਕਦੇ ਫੇਰ। ਵੀਹਵੀਂ ਸਦੀ ਵਾਲੇ ਕਵੀ ਸੁਤੰਤਰਤਾ ਦਿਵਸ ’ਤੇ ਵੀ ਰੰਗ ਬੰਨ੍ਹਦੇ ਸਨ ਤੇ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਿਆਂ ਉੱਤੇ ਵੀ। ਉਨ੍ਹਾਂ ਨੂੰ ਪੈਸਿਆਂ ਨਾਲੋਂ ਮਹਿਮਾ ਵੱਧ ਮਿਲਦੀ ਸੀ। ਹਰਿਭਜਨ ਸਿੰਘ ਵਰਗੇ ਪ੍ਰੋਫ਼ੈਸਰ ਤੇ ਡੀਨ ਵੀ ਚਾਈਂ-ਚਾਈਂ ਭਾਗ ਲੈਂਦੇ ਸਨ।
ਇੱਕ ਵਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਚਾਏ ਕਵੀ ਦਰਬਾਰ ਵਿਚ ਹਰਿਭਜਨ ਸਿੰਘ ਦਾ ਮਾਣ ਰੱਖਣ ਲਈ ਕਮੇਟੀ ਵਾਲਿਆਂ ਨੇ ਉਸਨੂੰ ਸਰੋਪੇ ਦੇ ਨਾਲ ਕਿਰਪਾਨ ਵੀ ਭੇਟ ਕੀਤੀ। ਹਰਿਭਜਨ ਸਿੰਘ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਦੇ ਲਈ ਤਾਂ ਕਲਮ ਹੀ ਕਾਫ਼ੀ ਸੀ। ਉਂਝ ਵੀ ਉਹ ਕਿਰਪਾਨ ਵਾਹੁਣ ਦਾ ਮਾਹਿਰ ਨਹੀਂ।
ਓਥੇ ਗੁਰਦਾਸਪੁਰੀ ਵੀ ਹਾਜ਼ਰ ਸੀ। ਉਸ ਤੋਂ ਰਿਹਾ ਨਾ ਗਿਆ। ਉਸ ਦੀ ਕੀਤੀ ਟਿੱਪਣੀ ਤਾਂ ਹੁਣ ਯਾਦ ਨਹੀਂ, ਪਰ ਇਸ ਦਾ ਖ਼ੂਬ ਮੁੱਲ ਪਿਆ। ਕਿਸੇ ਚੀਜ਼ ਦਾ ਘਾਟਾ ਨਹੀਂ ਰਿਹਾ।
ਉਨ੍ਹਾਂ ਸਮਿਆਂ ਦੇ ਸਟੇਜੀ ਕਵੀ ਜ਼ਿੰਦਾਬਾਦ!
ਸੰਪਰਕ: 98157-78469