ਜਸਵੰਤ ਸਿੰਘ ਜੱਸ
ਫ਼ਰੀਦਕੋਟ, 29 ਅਗਸਤ
ਇੱਥੋਂ ਦੇ ਮਿਨੀ ਸਕੱਤਰੇਤ ਵਿੱਚ ਅਪਾਹਜ ਵਿਅਕਤੀਆਂ ਲਈ ਲੋੜੀਂਦੀ ਲਿਫ਼ਟ ਅਤੇ ਰੈਂਪ ਨਾ ਹੋਣ ਕਰ ਕੇ ਅਜਿਹੇ ਵਿਅਕਤੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਕੱਤਰੇਤ ਵਿੱਚ ਸੌ ਦੇ ਕਰੀਬ ਸਰੀਰਕ ਤੌਰ ’ਤੇ ਅਪਾਹਜ ਸਰਕਾਰੀ ਮੁਲਾਜ਼ਮ ਰੋਜ਼ਾਨਾ ਆਪਣੀ ਡਿਊਟੀ ਕਰਨ ਆਉਂਦੇ ਹਨ। ਇਨ੍ਹਾਂ ਲਈ ਸਕੱਤਰੇਤ ਵਿੱਚ ਵਿਸ਼ੇਸ਼ ਪਖਾਨੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਤਿੰਨ ਮੰਜ਼ਿਲਾ ਇਸ ਸਕੱਤਰੇਤ ਵਿੱਚ ਕੋਈ ਵੀ ਲਿਫਟ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਹਿਮ ਦਫ਼ਤਰ ਦੂਜੀ ਅਤੇ ਤੀਜੀ ਮੰਜ਼ਿਲ ਉੱਪਰ ਹਨ। ਅਪਾਹਜ ਵਿਅਕਤੀਆਂ ਤੋਂ ਇਲਾਵਾ ਬਜ਼ੁਰਗ ਅਤੇ ਬਿਮਾਰ ਵਿਅਕਤੀਆਂ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਜਾਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਲ 1995 ਵਿੱਚ ਤਿਆਰ ਕੀਤੇ ਗਏ ਇਸ ਸਕੱਤਰੇਤ ਵਿੱਚ ਲਿਫ਼ਟ ਲਾਉਣ ਦੀ ਵਿਉਂਤਬੰਦੀ ਸੀ ਪਰ 25 ਸਾਲ ਬਾਅਦ ਵੀ ਇਹ ਵਿਉਂਤ ਸਿਰੇ ਨਹੀਂ ਲੱਗ ਸਕੀ। ਸਕੱਤਰੇਤ ਵਿੱਚ ਕਰੀਬ 300 ਕਮਰੇ ਹਨ ਅਤੇ ਇੱਥੇ 22 ਵਿਭਾਗਾਂ ਦੇ ਦਫ਼ਤਰ ਹਨ। ਸਕੱਤਰੇਤ ਵਿਚ ਦਾਖ਼ਲ ਹੋਣ ਲਈ ਪੌੜੀਆਂ ਰਾਹੀਂ ਹੀ ਜਾਣਾ ਪੈਂਦਾ ਹੈ ਅਤੇ ਇੱਥੇ ਕੋਈ ਰੈਂਪ ਵੀ ਤਿਆਰ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੀਟਿੰਗ ਹਾਲ ਤੀਜੀ ਮੰਜ਼ਿਲ ਉੱਪਰ ਹੈ, ਜਿੱਥੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ। ਤਿੰਨ ਮੰਜ਼ਿਲਾਂ ਤੱਕ ਪੌੜੀਆਂ ਚੜ੍ਹਨ ਲਈ ਅਪਾਹਜ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਮੱਸਿਆਵਾਂ ਆਉਂਦੀਆਂ ਹਨ। ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ ਦੇ ਸੂਬਾਈ ਆਗੂ ਜੋਰਾ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਹੈ, ਇਸ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ।
ਲਿਫਟ ਜਲਦੀ ਲਗਵਾਈ ਜਾਵੇਗੀ: ਡੀਸੀ
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਕੱਤਰੇਤ ਦੇ ਇੱਕ ਦਰਵਾਜ਼ੇ ’ਤੇ ਰੈਂਪ ਬਣਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਪਾਹਜ, ਬਜ਼ੁਰਗ ਅਤੇ ਸਰੀਰਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹੂਲਤ ਲਈ ਸਕੱਤਰੇਤ ਵਿੱਚ ਲਿਫ਼ਟ ਜਲਦ ਲਵਾਈ ਜਾ ਰਹੀ ਹੈ।