ਤੇਜਵੰਤ ਸਿੰਘ ਗਿੱਲ
ਇਹ ਪਾਸ਼ ਦਾ 70ਵਾਂ ਜਨਮ ਸਾਲ ਹੈ। ਇਹ ਗੱਲ ਮੇਰੇ ਧਿਆਨ ਵਿਚ ਨਹੀਂ ਸੀ। ਸੰਤ ਸਿੰਘ ਸੇਖੋਂ ਨੂੰ ਛੱਡ ਕੇ ਸਭ ਤੋਂ ਵੱਧ ਮੈਂ ਪਾਸ਼ ਬਾਰੇ ਹੀ ਲਿਖਿਆ। ਪੰਜਾਬੀ ਯੂਨੀਵਰਸਿਟੀ ਲਈ ਆਲੋਚਨਾ ਦੀ ਕਿਤਾਬ, ਸਾਹਿਤ ਅਕਾਦਮੀ ਦਿੱਲੀ ਖ਼ਾਤਰ ਉਸ ਦੀਆਂ ਕਵਿਤਾਵਾਂ ਦੇ ਅਨੁਵਾਦ ਸਮੇਤ ਭਾਰਤੀ ਲੇਖਕਾਂ ਦੀ ਲੜੀ ਵਿਚ ਉਸ ਬਾਰੇ ਕਿਤਾਬ, ਇਸ ਤੋਂ ਅਗਾਂਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਲਈ ਪਾਬਲੋ ਨੈਰੂਦਾ ਨਾਲ ਉਸ ਦੀ ਕਾਵਿਕ ਸਾਂਝ ਬਾਰੇ ਇਕ ਪੇਪਰ ਜਿਹੜਾ ਸਪੇਨੀ ਬੋਲੀ ਵਿਚ ਛਪਿਆ ਸੀ। ਇਸ ਸਭ ਕੁਝ ਦੇ ਬਾਵਜੂਦ ਉਸ ਦੇ 70ਵੇਂ ਜਨਮ ਦਿਨ ਦੇ ਖ਼ਿਆਲ ਦਾ ਵਿਸਰ ਜਾਣਾ ਅਜਬ ਦੇ ਨਾਲ ਅਣਸੁਖਾਵਾਂ ਵੀ ਲੱਗਿਆ। ਇਸ ਦੀਆਂ ਪਰਤਾਂ ਨੂੰ ਫਰੋਲਣਾ ਮੇਰੇ ਲਈ ਤਾਂ ਤਸੱਲੀ ਦਾ ਕਾਰਨ ਹੈ। ਇਸ ਆਸ ਨਾਲ ਵੀ ਮੈਂ ਅਜਿਹਾ ਕਰਨਾ ਚਾਹੁੰਦਾ ਹਾਂ ਕਿ ਨਿਰੋਲ ਰਾਜਸੀ ਖਹਬਿਾਜ਼ੀ ਤੋਂ ਪਾਰ ਊਸ ਦੀ ਕਾਵਿਕ ਦੇਣ ਦੀ ਸਹੀ ਪਛਾਣ ਹੋ ਸਕੇ।
ਪਿਛਲੀ ਸਦੀ ਦੇ 70ਵਿਆਂ ਦਾ ਪੂਰਾ ਅਤੇ 80ਵਿਆਂ ਦਾ ਅੱਧਾ ਦਹਾਕਾ, ਭਾਵ ਪੰਦਰਾਂ ਜਾਂ ਇਸ ਤੋਂ ਸਾਲ ਕੁ ਵੱਧ ਦਾ ਸਮਾਂ ਸੀ ਜਿਸ ਵਿਚ ਊਸ ਦੀ ਕਾਵਿ-ਰਚਨਾ ਪ੍ਰਵਾਨ ਚੜੀ। ਪ੍ਰਵਾਨ ਹੀ ਕਿਉਂ, ਇਕ ਵਾਰ ਤਾਂ ਇਸ ਦੀ ਬਦੌਲਤ ਤਰਥੱਲੀ ਮੱਚ ਗਈ। ਦੇਸ਼ ਦੇ ਪੱਧਰ ’ਤੇ ਉਦਾਰਵਾਦੀ ਨੀਤੀਆਂ ਲੋਪ ਹੋ ਰਹੀਆਂ ਸਨ ਅਤੇ ਤਾਨਾਸ਼ਾਹੀ ਦਾ ਬੋਲਬਾਲਾ ਵਧ ਰਿਹਾ ਸੀ। ਮਜ਼ਹਬਾਂ, ਜਾਤਾਂ ਅਤੇ ਜਾਤੀਆਂ ਵਿਚ ਵੰਡੇ ਹੋਣ ਦਾ ਅਹਿਸਾਸ, ਜੋ ਹੁਣ ਤੱਕ ਲੁਕਵਾਂ ਸੀ, ਜੱਗ-ਜ਼ਾਹਰ ਹੋ ਰਿਹਾ ਸੀ। ਪੰਜਾਬ ਵਿਚ ਮੁੱਦਾ ਪੰਜਾਬੀ ਬੋਲੀ ਸੀ, ਪਰ ਲੜਾਈ ਰਾਜਸੱਤਾ ਹਥਿਆਉਣ ਦੀ ਸੀ। ਮੁਸਲਮਾਨਾਂ ਨੂੰ ਪਾਕਿਸਤਾਨ ਦੇ ਜਾਂ ਦਿਵਾ ਕੇ ਦੇਸ਼ ਦੀ ਵੱਡੀ ਬਹੁਗਿਣਤੀ ਵਾਲਾ ਭਾਈਚਾਰਾ ਸੁਰਖਰੂ ਹੀ ਨਹੀਂ ਸਗੋਂ ਸ਼ਕਤੀਸ਼ਾਲੀ ਮਹਿਸੂਸ ਕਰਦਾ ਸੀ। ਪੰਜਾਬੀ ਨੂੰ ਪੂਰਬੀ ਪੰਜਾਬ ਦੀ ਸਰਬੱਤ ਬੋਲੀ ਮੰਨਣ ਵਿਚ ਉਸ ਨੂੰ ਆਪਣੀ ਆਂਚ ਮਹਿਸੂਸ ਹੁੰਦੀ ਸੀ। ਸਿੱਖਾਂ ਦਾ ਜਗੀਰਦਾਰੀ ਭਾਗ, ਸ਼ਹਿਰਾਂ ਦੇ ਵਪਾਰੀ ਅਤੇ ਡੇਰਿਆਂ ਦੇ ਜਨੂੰਨੀ ਇਕੱਠਾਂ ਨਾਲ ਮਿਲ ਕੇ ਪੰਜਾਬੀ ਬੋਲੀ ਲਈ ਵਿੱਢੀ ਲੜਾਈ ਨੂੰ ਰਾਜਸੀ ਤਾਕਤ ਹਥਿਆਉਣ ਦਾ ਕਾਰਗਰ ਸਾਧਨ ਸਮਝਦਾ ਸੀ।
ਪਾਕਿਸਤਾਨ ਨਾਲ ਹੋਏ ਯੁੱਧ ਵਿਚ ਸਰਹੱਦ ਨਾਲ ਦੇ ਪਿੰਡਾਂ ਦੇ ਵਾਸੀਆਂ ਨੇ ਜਿਸ ਨਿਡਰਤਾ ਦਾ ਸਬੂਤ ਦਿੱਤਾ, ਉਸ ਨੇ ਪੰਜਾਬੀ ਸੂਬੇ ਦੇ ਪੁਨਰਗਠਨ ਨੂੰ ਸੁਭਾਵਿਕ ਬਣਾ ਦਿੱਤਾ। ਕੁਝ ਸਮੇਂ ਬਾਅਦ ਹੋਈਆਂ ਚੋਣਾਂ ਵਿਚ ਜਗੀਰਦਾਰੀ, ਵਪਾਰੀ ਅਤੇ ਡੇਰਾਵਾਦੀ ਸੰਗਠਨ ਦੀ ਸਰਕਾਰ ਵੀ ਬਣ ਗਈ। ਚਿਰੰਜੀਵੀ ਦੀ ਤਾਂ ਗੱਲ ਛੱਡੋ, ਇਸ ਸਰਕਾਰ ਨੂੰ ਦਿਨ-ਪ੍ਰਤੀ-ਦਿਨ ਚਲਦੇ ਰਹਿਣ ਲਈ ਵਿਰੋਧੀ ਧਿਰ ਨਾਲ ਸਾਂਠ-ਗਾਂਠ ਕਰਨੀ ਲਾਜ਼ਮੀ ਹੋ ਗਈ। ਆਪਣੀ ਨਿਰਬਲਤਾ ਨੂੰ ਛੁਪਾਉਣ ਲਈ ਇਸ ਸਰਕਾਰ ਦੇ ਨਿਸ਼ਾਨੇ ’ਤੇ ਕਾਲਜਾਂ ਦੇ ਵਿਦਿਆਰਥੀ ਅਤੇ ਗ਼ਰੀਬ ਕਿਰਤੀ ਕਿਸਾਨ ਆ ਗਏ। ਇਨ੍ਹਾਂ ਦੇ ਦੁੱਖਾਂ ਕਲੇਸ਼ਾਂ ਨੂੰ ਆਵਾਜ਼ ਦੇਣ ਲਈ ਨਕਸਲੀ ਯੁਵਕ ਅੱਗੇ ਆਏ। ਉਨ੍ਹਾਂ ਦੇ ਰੋਹ ਨੂੰ ਬੁਲੰਦ ਕੀਤਾ। ਉਸ ਵਿਚ ਵਿਚਾਰਧਾਰਾ ਦੀ ਸੇਧ ਦੀ ਥਾਂ ਜਵਾਨੀ ਵੇਗ ਵਧੇਰੇ ਸੀ। ਅੰਦਾਜ਼ ਕੁਰੱਖ਼ਤ ਹੋ ਜਾਂਦਾ ਸੀ, ਬਿੰਬਾਵਲੀ ਟੁੱਟ-ਭੱਜ ਦਾ ਸ਼ਿਕਾਰ ਹੋ ਨਬਿੜਦੀ ਸੀ, ਸ਼ੈਲੀ ਵਿਚ ਸੁਹਜ ਦੀ ਘਾਟ ਸੀ। ਇਸ ਦੇ ਬਾਵਜੂਦ, ਸ਼ਾਇਦ ਇਸ ਦੀ ਬਦੌਲਤ ਰਹੁ-ਰੀਤਾਂ ਅਤੇ ਬੰਧਨਾਂ ਵਿਚ ਜਕੜੇ ਯੁਵਕ ਦੀ ਪੀੜਾ ਜਿਵੇਂ ਬੁਲੰਦ ਹੁੰਦੀ ਸੀ, ਉਹ ਮੇਰੇ ਵਰਗੇ ਆਧੁਨਿਕ ਅੰਗਰੇਜ਼ੀ ਕਵਿਤਾ ਪੜ੍ਹਾਉਣ ਵਾਲੇ ਨੂੰ ਵੀ ਟੁੰਬਦੀ ਸੀ। ਉਸ ਪੜਾਅ ਨੂੰ ਪ੍ਰਣਾਏ ਕਈ ਹੋਰ ਕਵੀ ਇਨਕਲਾਬੀ ਜਾਂ ਜੁਝਾਰਵਾਦੀ ਕਵਿਤਾ ਲਿਖ ਰਹੇ ਸਨ। ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਦੇ ਬਾਵਜੂਦ ਪਾਸ਼ ਦੇ ਉੱਖੜੇ ਬੋਲਾਂ ਤੋਂ ਹੁਲਾਰਾ ਮਿਲਦਾ ਸੀ, ਉਸ ਦੀ ਲੋਰ ਹੀ ਕੁਝ ਹੋਰ ਸੀ।
ਡਾ. ਹਰਿਭਜਨ ਸਿੰਘ ਨੇ ਸਮੁੱਚੀ ਜੁਝਾਰਵਾਦੀ ਕਵਿਤਾ ’ਤੇ ਖ਼ੂਬ ਵਿਅੰਗ ਕਸਿਆ ਸੀ। ਉਸ ਨੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਬੰਦੂਕ ਦੀ ਨਾਲੀ ਵਿਚੋਂ ਕਵਿਤਾ ਕਿਵੇਂ ਨਿਕਲ ਸਕਦੀ ਹੈ। ਜੇ ਨਿਕਲਦੀ ਹੈ ਤਾਂ ਉਹ ਕਵਿਤਾ ਨਹੀਂ ਹੋ ਸਕਦੀ। ਉਸ ਦੇ ਇਸ ਕਥਨ ਵਿਰੁੱਧ ਬੜਾ ਰੌਲਾ ਪਿਆ ਸੀ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣਾ ਕਥਨ ਵਾਪਸ ਲੈ ਲਿਆ ਸੀ। ਜਿਸ ਤਰ੍ਹਾਂ ਉਹ ਸੁਹਜ ਨਾਲ ਜੁੜਿਆ ਹੋਇਆ ਸੀ, ਕਾਵਿ-ਜੁਗਤਾਂ ਦਾ ਧਨੀ ਸੀ, ਕੁਬੋਲ ਵਿਚੋਂ ਵੀ ਬੋਲ ਦੀ ਸਮਰੱਥਾ ਲੱਭ ਲੈਂਦਾ ਸੀ, ਇਹ ਮੰਨਣਾ ਕਠਿਨ ਹੈ ਕਿ ਰੌਲਾ ਪੈਣ ਕਰਕੇ ਉਸ ਨੇ ਆਪਣਾ ਨਿਖੇਧਾਤਮਿਕ ਕਥਨ ਵਾਪਸ ਲੈ ਲਿਆ। ਨਿਸ਼ਚੇ ਨਾਲ ਤਾਂ ਮੈਂ ਨਹੀਂ ਕਹਿ ਸਕਦਾ, ਪਰ ਮੇਰਾ ਅਨੁਮਾਨ ਹੈ ਕਿ ਲਫ਼ਜ਼ਾਂ ਨੂੰ ਤੋੜਨ ਦਾ ਜੋ ਕਾਰਜ ਪਾਸ਼ ਵਿਚ ਖ਼ਾਸ ਕਰਕੇ ਅਤੇ ਕੁਝ ਹੱਦ ਤਕ ਲਾਲ ਸਿੰਘ ਦਿਲ ਵਿਚ ਪ੍ਰਬਲ ਹੋਣ ਲੱਗਿਆ ਸੀ, ਉਸ ਦੀ ਕਾਵਿ ਸੰਭਾਵਨਾ ਪਛਾਣ ਕੇ ਉਸ ਨੇ ਆਪਣਾ ਉਪਰੋਕਤ ਕਥਨ ਵਾਪਸ ਲਿਆ ਹੋਵੇਗਾ। ਅਜਿਹਾ ਕਰਨ ਯੋਗ ਵੀ ਸੀ। ਨਿਪੁੰਨ ਭਾਵੇਂ ਨਹੀਂ, ਹਰਿਭਜਨ ਸਿੰਘ ਯੂਰਪੀ ਕਾਵਿ ਦਾ ਗਿਆਤਾ ਜ਼ਰੂਰ ਸੀ, ਦੋਵਾਂ ਮਹਾਂਯੁੱਧਾਂ ਵਿਚਕਾਰਲੇ ਦੌਰ ਦੇ ਕਾਵਿ ਦਾ ਜਿਸ ਵਿਚ ਕਾਵਿ-ਭਾਸ਼ਾ ਦੀ ਭੰਨ-ਤੋੜ ਵਿਆਪਕ ਪੱਧਰ ’ਤੇ ਹੋਈ ਸੀ।
ਮਾਨਵੀ ਚਿੰਤਨ ਅਤੇ ਚਿਤਾਰਣ ਵਿਚ ਆਰੰਭ ਦਾ ਬੜਾ ਮਹੱਤਵ ਮੰਨਿਆ ਜਾਂਦਾ ਹੈ। ਪਾਸ਼ ਦੀਆਂ ਅਗਲੀਆਂ ਦੋ ਕਾਵਿ ਪੁਸਤਕਾਂ ਪੜ੍ਹਨ ਤੋਂ ਅਹਿਸਾਸ ਹੋ ਜਾਂਦਾ ਹੈ ਕਿ ਇਸ ਸਮੱਸਿਆ ਨਾਲ ਨਿਭਣਾ ਉਸ ਦਾ ਹੋਰ ਤਰ੍ਹਾਂ ਦਾ ਸੀ। ‘ਉੱਡਦੇ ਬਾਜ਼ਾਂ ਮਗਰ’ ਵਿਚਲੀਆਂ ਉਸ ਦੀਆਂ ਕਵਿਤਾਵਾਂ, ਪ੍ਰਕਿਰਤੀ ਵਜੋਂ ਹੀ ਨਹੀਂ, ਪ੍ਰਕਿਰਿਆ ਵਿਚ ਵੀ ਵੱਖਰੀ ਤਰ੍ਹਾਂ ਦੀਆਂ ਹਨ। ਜਿੱਥੇ ਪਹਿਲਾਂ ਪ੍ਰਸਥਿਤੀ ਵਿਚ ਉਲਝਿਆ ਵਕਤਾ, ਜੋ ਬੁਨਿਆਦੀ ਤੌਰ ’ਤੇ ਪਾਸ਼ ਆਪ ਹੀ ਸੀ, ਕੁਰਲਾਹਟ ਅਤੇ ਬੁਖਲਾਹਟ ਨੂੰ ਪ੍ਰਗਟਾ ਦਾ ਮਾਧਿਅਮ ਬਣਾਉਂਦਾ ਸੀ, ਏਥੇ ਉਡਾਣ, ਜੱਦੋਜਹਿਦ, ਘੋਲ, ਸੰਘਰਸ਼ ਆਦਿ ਜੀਵਨ-ਅਨੁਭਵ ਦੀ ਜਿੰਦ-ਜਾਨ ਹੋ ਨਬਿੜਦੇ ਹਨ। ਏਥੇ ਵਿਚਾਰਧਾਰਕ ਤੌਰ ’ਤੇ ਉਹ ਰੂਸੀ ਕ੍ਰਾਂਤਕਾਰੀ ਲਿਊਨ ਟਰਾਟਸਕੀ ਦਾ ਅਨੁਯਾਈ ਬਣਨਾ ਲੋਚਦਾ ਸੀ। ਉਹ ਵਿਸ਼ਵ-ਵਿਆਪੀ ਕ੍ਰਾਂਤੀ ਦਾ ਪ੍ਰਵਕਤਾ ਸੀ। ਕਵੀ ਹੋਣ ਦੇ ਨਾਤੇ ਇਸ ਨੂੰ ਸਾਕਾਰ ਕਰਨ ਵਾਲੀਆਂ ਘਟਨਾਵਾਂ ਨੂੰ ਵਿਉਂਤਣ ਦੀ ਥਾਂ ਪ੍ਰਮਾਣਕ ਕਵੀ ਵਾਂਗ ਪਾਸ਼ ਨੇ ਉਨ੍ਹਾਂ ਨਿਗੂਣੀਆਂ ਤੋਂ ਨਿਗੂਣੀਆਂ ਪ੍ਰਸਥਿਤੀਆਂ ਨੂੰ ਜਾਇਜ਼ਾ ਲੈਣ ਯੋਗ ਸਮਝਿਆ ਜਿਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਭੋਗ ਦੇ ਪ੍ਰਾਣੀ ਨਿਰਾਸ਼ਾ ਵਿਚ ਡੁੱਬ ਕੇ ਨਹੀਂ ਰਹਿ ਜਾਂਦਾ। ਬਾਜਾਂ ਦੀ ਉਡਾਰੀ ਤੋਂ ਲੈ ਕੇ, ਚਿੜੀਆਂ ਦੇ ਚੰਬੇ, ਭੈਣ ਦੇ ਮੁਕਲਾਵੇ ਰਾਹੀਂ ਜੇਲ੍ਹ ਕੋਠੜੀ ਵਿਚ ਰੌਸ਼ਨਦਾਨ ਰਾਹੀਂ ਆਕਾਸ਼ ਦੇਖ ਸਕਣ ਦੀ ਸੰਭਾਵਨਾ ਅਜਿਹਾ ਨਿਸ਼ਚਾ ਜਗਾਉਂਦੀ ਹੈ ਕਿ ਕੁਝ ਵੀ ਜੀਅ-ਭਿਆਣਾ ਨਹੀਂ ਰਹਿੰਦਾ। ਸਭ ਕੁਝ ਮੁੱਲਵਾਨ ਹੋ ਨਬਿੜਦਾ ਹੈ।
ਉਸ ਦੀ ਬੇਮਿਸਾਲ ਕਾਵਿ-ਪੁਸਤਕ ਹੈ ‘ਸਾਡੇ ਸਮਿਆਂ ਵਿਚ’ ਜਿਸ ਵਿਚ ਘਟਨਾਵਾਂ ਅਤੇ ਅਨੁਭਵ ਹੀ ਕਾਵਿ ਰਚਨਾ ਦਾ ਸਰੋਤ ਨਹੀਂ ਬਣਦੇ ਸਗੋਂ ਆਰਥਿਕ ਨੀਤੀਆਂ, ਰਾਜਸੀ ਘਟਨਾਵਾਂ, ਵਿਚਾਰਧਾਰਕ ਗੰਢਾਂ ਅਤੇ ਧਾਰਮਿਕ ਵਿਸ਼ਵਾਸ ਵੀ ਬਰਾਬਰ ਦਾ ਕਰਤੱਵ ਨਿਭਾਉਣ ਲੱਗ ਪੈਂਦੇ ਹਨ। ਉਨ੍ਹਾਂ ਸਾਰਿਆਂ ਦੇ ਸਬੰਧ ਅਤੇ ਅੰਤਰ ਸਬੰਧ ਅਜਿਹੀਆਂ ਵਿਉਂਤਾਂ ਵਿਚ ਢਲਦੇ ਚਲੇ ਜਾਂਦੇ ਹਨ ਕਿ ਪ੍ਰਾਣੀ ਉਨ੍ਹਾਂ ਨੂੰ ਭੋਗਦਾ ਤੇ ਜਿਊਂਦਾ ਹੈ, ਪਰ ਕਿਤੇ ਵੀ ਉਨ੍ਹਾਂ ਦਾ ਦਾਸ ਬਣ ਕੇ ਨਹੀਂ ਰਹਿ ਜਾਂਦਾ। ਭਾਵੇਂ ਉਭਰਵੇਂ ਰੂਪ ਵਿਚ ਤਾਂ ਨਹੀਂ, ਪਰ ਸਹਿਜ ਰੂਪ ਵਿਚ ਉਨ੍ਹਾਂ ਦੇ ਵਿਚ-ਵਿਚਾਲੇ ਆਪਣੀ ਹਸਤੀ ਕਾਇਮ ਰੱਖਣਾ ਲੋਪ ਨਹੀਂ ਹੁੰਦਾ। ਭਾਵੇਂ ਰਸਮ ਰਿਵਾਜ ਹਨ ਜਾਂ ਰਾਜਸੀ ਵਿਚਾਰ, ਧਾਰਮਿਕ ਵਿਸ਼ਵਾਸ ਹਨ ਜਾਂ ਅ-ਵਿਸ਼ਵਾਸ, ਸਭ ਨੂੰ ਭੋਗਣ ਜਾਂ ਨਾ ਭੋਗਣ ਦੀ ਆਜ਼ਾਦੀ ਰਾਖਵੀਂ ਹੋਣਾ ਜ਼ਰੂਰੀ ਹੈ।
ਨਿਰਸੰਦੇਹ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚਲਾ ਅਨੁਭਵ ਵਿਸ਼ਾਲ ਹੀ ਨਹੀਂ ਗਹਿਰ-ਗੰਭੀਰ ਵੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦਾ ਇਜ਼ਹਾਰ ਬੋਝਲ ਬਣ ਕੇ ਨਹੀਂ ਰਹਿ ਜਾਂਦਾ। ਇਸ ਦਾ ਕਾਰਨ ਇਹ ਵੀ ਹੈ ਕਿ ਕੋਈ ਕਵਿਤਾ ਕਿਸੇ ਬੋਲੀ ਦੀ ਹੋਵੇ, ਅੰਗਰੇਜ਼ੀ ਜਾਂ ਸਪੇਨੀ ਜੇ ਉਸ ਨੂੰ ਟੁੰਬਦੀ ਹੈ ਤਾਂ ਉਸ ਦਾ ਪ੍ਰਭਾਵ ਕਬੂਲਣ ਤੋੋਂ ਉਹ ਗੁਰੇਜ਼ ਨਹੀਂ ਕਰਦਾ। ਪ੍ਰਭਾਵ ਕਬੂਲ ਕਰਕੇ ਲਿਖੀ ਉਸ ਦੀ ਕਵਿਤਾ, ਉਸ ਦੇ ਆਪਣੇ ਭਾਵ ਪੰਜਾਬੀ ਸਭਿਆਚਾਰ ਲਈ ਓਪਰੀ ਨਹੀਂ ਬਣਦੀ। ਪਾਬਲੋ ਨੈਰੂਦਾ ਦੇ ਪ੍ਰਭਾਵ ਅਧੀਨ ਲਿਖੀਆਂ ਉਸ ਦੀਆਂ ਦੋ ਕਵਿਤਾਵਾਂ ਵੱਲ ਸਹਿਜੇ ਹੀ ਸੰਕੇਤ ਕੀਤਾ ਜਾ ਸਕਦਾ ਹੈ। ਪਹਿਲੀ ਹੈ ‘ਉਹ ਬਹੁਤ ਦੇਰ ਜਿਊਂਦਾ ਰਿਹਾ’ ਜਿਹੜੀ ਪਾਬਲੋ ਨੈਰੂਦਾ ਦੀ He Lived for Two Hundred Years ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਸੀ। ਦੂਜੀ ‘ਸਾਡੇ ਸੁਪਨਿਆਂ ਦਾ ਮਰ ਜਾਣਾ’ ਜਿਸ ਲਈ ਮਹਾਨ ਲਾਤੀਨੀ ਕਵੀ ਦੀ SlowDying ਨਾਮੀਂ ਕਵਿਤਾ ਉਤਸ਼ਾਹ ਬਣੀ ਸੀ।
ਪ੍ਰਭਾਵ ਕਬੂਲ ਕਰਕੇ ਲਿਖੇ ਜਾਣ ਦੇ ਬਾਵਜੂਦ ਪਾਸ਼ ਦੀ ਕਵਿਤਾ ਇਕ ਲਿਹਾਜ਼ ਨਾਲ ਪਾਬਲੋ ਨੈਰੂਦਾ ਦੀ ਕਵਿਤਾ ਨਾਲੋਂ ਪਾਰ ਜਾਂਦੀ ਪ੍ਰਤੀਤ ਹੁੰਦੀ ਹੈ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਇਸ ਵਿਚ ਜਾਗਣ ਦੀ ਮਾਨਸਿਕਤਾ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਮੇਰਾ ਏਥੇ ਇਹ ਕਹਿਣ ਨੂੰ ਦਿਲ ਕਰ ਆਉਂਦਾ ਹੈ ਕਿ ਨੀਂਦ ਵਿਚ ਸੁਪਨੇ ਦੇਖਣ ਦੀ ਮਾਨਸਿਕਤਾ ’ਤੇ ਜੋ ਖੋਜ ਹੋਈ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਮਹਾਨ ਮਨੋਵਿਗਿਆਨੀ ਸਿਗਮੰਡ ਫਰਾਇਡ ਦੀ ਮਹਾਨ ਰਚਨਾ Psychoanalysis of Dreams ਬੇਮਿਸਾਲ ਕਿਰਤ ਹੈ। ਇਸ ਦੇ ਪ੍ਰਭਾਵ ਅਧੀਨ ਕਿੰਨੀਆਂ ਹੋਰ ਪੁਸਤਕਾਂ ਅਤੇ ਲਿਖਤਾਂ ਸਾਹਮਣੇ ਆਈਆਂ ਹਨ, ਉਨ੍ਹਾਂ ਦੀ ਕੋਈ ਗਿਣਤੀ ਨਹੀਂ। ਇਨ੍ਹਾਂ ਦੇ ਬੋਝ ਹੇਠ ਦਬੇ ਮਹਾਨ ਸਾਹਿਤ ਪਰਖਕਾਰ ਵਾਲਟਰ ਬੈਂਜਾਮਿਨ ਨੇ ਆਪਣੇ ਮਿੱਤਰ ਅਡੋਰਨੋ ਨੂੰ ਜਾਗਣ ਦੇ ਸਿਧਾਂਤ ਬਾਰੇ ਕਿਸੇ ਪੁਸਤਕ ਦਾ ਹਵਾਲਾ ਦੇਣ ਲਈ ਲਿਖਿਆ ਸੀ। ਅਡੋਰਨੋ ਕੋਈ ਹਵਾਲਾ ਨਹੀਂ ਸੀ ਦੇ ਸਕਿਆ। ਪਾਬਲੋ ਨੈਰੂਦਾ ਦੀ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਪਾਸ਼ ਵੱਲੋਂ ਲਿਖੀ ਕਵਿਤਾ ‘ਸਾਡੇ ਸੁਪਨਿਆਂ ਦਾ ਮਰ ਜਾਣਾ’ ਇਸ ਅਣਕਿਆਸੇ ਅਨੁਭਵ ਦੀ ਕੁਝ ਸਾਰ ਤਾਂ ਜ਼ਰੂਰ ਲੈਂਦੀ ਹੈ।
ਉਪਰੋਕਤ ਚਰਚਾ ਦੀ ਲੋਅ ਵਿਚ ਮੇਰੀ ਪਾਸ਼ ਦੇ ਸਮਰਥਕਾਂ ਅਤੇ ਵਿਰੋਧੀਆਂ ਨੂੰ ਗੁਜ਼ਾਰਿਸ਼ ਹੈ ਕਿ ਰਾਜਸੀ ਖਹਬਿਾਜ਼ੀ ਛੱਡ ਕੇ ਸਾਨੂੰ ਉਸ ਦੀ ਕਾਵਿ-ਰਚਨਾ ਦੀ ਕਦਰ ਕਰਨੀ ਚਾਹੀਦੀ ਹੈ। ਜਿਨ੍ਹਾਂ ਦੇ ਹੱਕ ਵਿਚ ਜਾਂ ਵਿਰੁੱਧ ਉਸ ਨੇ ਜ਼ਬਾਨੀ ਬੋਲਿਆ ਜਾਂ ਲਿਖਿਆ, ਉਸ ਨੂੰ ਇਸ ਨਿੱਗਰ ਅਤੇ ਸੁਹਾਂਢਣੀ ਕੀਰਤੀ ਅੱਗੇ ਝੁਲਾਈ ਜਾਣਾ ਆਪਣੇ ਬੁੱਧ-ਵਿਵੇਕ ਨੂੰ ਹਾਨੀ ਪਹੁੰਚਾਉਣ ਦੇ ਤੁਲ ਹੈ। ‘ਮੇਰੇ ਫਿ਼ਕਰ ਦੀ ਬਾਂਹ ਫੜੀ ਰੱਖਣਾ’ ਉਸ ਦੀ ਉਹ ਇਲਤਜਾ ਹੈ ਜਿਸ ਨੂੰ ਅੱਖੋਂ-ਪਰੋਖੇ ਕਰਨਾ ਯੋਗ ਨਹੀਂ।
ਸੰਪਰਕ: 98150-86016 (ਵਟਸਐਪ)