ਗੜ੍ਹਸ਼ੰਕਰ (ਜੇ.ਬੀ. ਸੇਖੋਂ): ਤਹਿਸੀਲ ਦੇ ਨੀਮ ਪਹਾੜੀ ਪਿੰਡ ਬੀਣੇਵਾਲ ਵਿੱਚ ਪਿਛਲੇ ਪੰਜ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਤੰਗੀ ਕਾਰਨ ਲੋਕ ਪ੍ਰੇਸ਼ਾਨ ਹਨ। ਗਰਮੀ ਦੇ ਇਸ ਮੌਸਮ ਵਿੱਚ ਪਿੰਡ ਵਾਸੀ ਆਪਣੇ ਕੋਲੋਂ ਪੈਸੇ ਖ਼ਰਚ ਕੇ ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਮਜਬੂਰ ਹਨ। ਪਿੰਡ ਵਾਸੀਆਂ ਰਾਜਿੰਦਰ ਸਿੰਘ, ਸਤਨਾਮ ਸਿੰਘ, ਬਿਮਲਾ ਦੇਵੀ ਅਤੇ ਰਜਨੀ ਰਾਣੀ ਆਦਿ ਨੇ ਕਿਹਾ ਕਿ ਕੰਢੀ ਇਲਾਕੇ ਅਧੀਨ ਪੈਂਦੇ ਇਸ ਪਿੰਡ ਵਿੱਚ ਸਰਕਾਰ ਵਲੋਂ 24 ਘੰਟੇ ਬਿਜਲੀ ਪਾਣੀ ਦੀ ਨਿਰਵਿਘਨ ਸਪਲਾਈ ਦੇ ਅਨੇਕਾਂ ਵਾਅਦੇ ਕੀਤੇ ਗਏ ਹਨ ਪਰ ਗਰਮੀ ਦੇ ਮੌਸਮ ਵਿੱਚ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਾਟਰ ਵਰਕਸ ਦੀ ਮੋਟਰ ਕਈ ਦਿਨਾਂ ਤੋਂ ਖ਼ਰਾਬ ਹੈ ਜਿਸ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਲਤੂ ਪਸ਼ੂ ਪਾਣੀ ਨਾ ਮਿਲਣ ਕਾਰਨ ਤਿਹਾਏ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪਿੰਡ ਵਾਸੀ ਪ੍ਰਤੀ ਟੈਂਕਰ ਅੱਠ ਸੌ ਰੁਪਏ ਖ਼ਰਚ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਨੇੜੇ ਦੇ ਪਿੰਡਾਂ ਦੇ ਸਿੰਜਾਈ ਟਿਊਬਵੈਲਾਂ ਤੋਂ ਪਾਣੀ ਢੋਣ ਕੇ ਡੰਗ ਟਪਾ ਰਹੇ ਹਨ।
ਜਲ ਸਪਲਾਈ ਵਿਭਾਗ ਦੇ ਐੱਸਡੀਓ ਅਵਤਾਰ ਸਿੰਘ ਨੇ ਕਿਹਾ ਕਿ ਮੋਟਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ।