ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 2 ਅਗਸਤ
ਕਰੋਨਾ ਦੌਰਾਨ ਵੱਡੇ ਅਤੇ ਛੋਟੇ ਕਾਰੋਬਾਰੀਆਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਹਨ। ਮੁਹਾਲੀ ਵਿੱਚ ਟੈਕਸੀਆਂ ਦੇ ਕਾਰੋਬਾਰ ’ਤੇ ਵੀ ਕਾਫੀ ਮਾੜਾ ਅਸਰ ਪਿਆ ਹੈ, ਜਿਸ ਕਾਰਨ ਜ਼ਿਆਦਾਤਰ ਟੈਕਸੀ ਮਾਲਕ ਆਪਣੀਆਂ ਗੱਡੀਆਂ ਵੇਚ ਰਹੇ ਹਨ ਪਰ ਕੋਈ ਖਰੀਦਦਾਰ ਨਾ ਮਿਲਣ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵੱਧ ਗਈ ਹੈ। ਲਗਜ਼ਰੀ ਕੈਬ ਵਾਲੇ ਮੱਖਣ ਸਿੰਘ ਬੈਦਵਾਨ ਅਤੇ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਰੋਨਾ ਦੇ ਮੱਦੇਨਜ਼ਰ ਤਾਲਾਬੰਦੀ ਨਾਲ ਜਿਥੇ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਟੈਕਸੀਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਉੱਥੇ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਟੈਕਸੀ ਕਾਰੋਬਾਰ ਪੂਰੀ ਤਰ੍ਹਾਂ ਸੈਲਾਨੀਆਂ ’ਤੇ ਨਿਰਭਰ ਕਰਦਾ ਹੈ ਪਰ ਇਸ ਸਮੇਂ ਲੋਕ ਕਰੋਨਾ ਡਰੋਂ ਆਪਣੇ ਘਰਾਂ ਤੋਂ ਹੀ ਨਹੀਂ ਨਿਕਲ ਰਹੇ। ਲਗਜ਼ਰੀ ਗੱਡੀਆਂ ਘਰਾਂ ਵਿੱਚ ਖੜੀਆਂ ਹਨ ਅਤੇ ਡਰਾਈਵਰਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕਰਨੀ ਵੀ ਔਖੀ ਹੋ ਗਈ ਹੈ। ਜੇ ਉਹ ਹੁਣ ਔਖੇ ਸਮੇਂ ਡਰਾਈਵਰ ਨੂੰ ਹਟਾ ਦਿੰਦੇ ਹਨ ਤਾਂ ਹਾਲਾਤ ਸੁਖਾਵੇਂ ’ਤੇ ਉਨ੍ਹਾਂ ਨੂੰ ਦੁਬਾਰਾ ਟੈਕਸੀ ਚਾਲਕ ਨਹੀਂ ਮਿਲਣਗੇ। ਕੈਬ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਤੋਂ ਆਪਣੀ ਡਿਊਟੀ ਸ਼ੁਰੂ ਕੀਤੀ ਹੋਈ ਹੈ ਪਰ ਹੁਣ ਤੱਕ ਕੋਈ ਸਵਾਰੀ ਨਹੀਂ ਮਿਲੀ। ਉਨ੍ਹਾਂ ਨਾਲ ਖੜੇ ਪਰਮਜੀਤ ਪੰਮਾ ਨੇ ਕਿਹਾ ਕਿ ਅੱਜ ਸਿਰਫ਼ 200 ਰੁਪਏ ਕਮਾਏ ਹਨ। ਹੁਣ ਤੱਕ ਕਈ ਲੋਕ ਆਪਣੀਆਂ ਗੱਡੀਆਂ ਵੇਚ ਚੁੱਕੇ ਹਨ ਅਤੇ ਕਈ ਵੇਚਣ ਲਈ ਤਿਆਰ ਹਨ। ਟੈਕਸੀ ਮਾਲਕਾਂ ਅਤੇ ਡਰਾਈਵਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਸੀਆਂ ਦੇ ਬੰਦ ਹੋ ਰਹੇ ਕਾਰੋਬਾਰ ਨੂੰ ਦੇਖਦੇ ਹੋਏ ਬੈਂਕਾਂ ਦੀਆਂ ਕਿਸ਼ਤਾਂ ਵਿੱਚ ਰਿਆਇਤ ਦਿੱਤੀ ਜਾਵੇ।
ਇਸ ਮੌਕੇ ਜਗਦੇਵ ਸਿੰਘ, ਸੋਨੂ ਬੈਦਵਾਨ, ਸਾਹਿਲ ਮੁਹਾਲੀ, ਮਲੀਨ ਬੈਦਵਾਨ, ਬੱਲੂ ਬੈਦਵਾਨ, ਸਤਨਾਮ ਸਿੰਘ, ਕਰਮਜੀਤ ਭੁੱਲਰ, ਗੋਲਡੀ, ਦੀਪ, ਅਮਨ ਖਟੜਾ, ਮੋਨੂ, ਅੰਮ੍ਰਿਤ ਸਿੰਘ ਅਤੇ ਪ੍ਰੀਤ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਰੋਡ ਟੈਕਸ ਜਮ੍ਹਾਂ ਕਰਵਾਉਣ ਦਾ ਕੋਈ ਸਰਲ ਅਤੇ ਸਹੀ ਤਰੀਕਾ ਅਪਣਾਇਆ ਜਾਵੇ ਤਾਂ ਜੋ ਉਹ ਦਲਾਲਾਂ ਤੋਂ ਬਚ ਸਕਣ ਅਤੇ ਆਰਥਿਕ ਤੰਗੀ ਦੇ ਸਮੇਂ ਜੁਰਮਾਨੇ ਨਾ ਦੇਣੇ ਪੈਣ।