ਨਵੀਂ ਦਿੱਲੀ, 14 ਅਗਸਤ
ਭਾਰਤ ਨੇ ਆਸ ਜਤਾਈ ਹੈ ਕਿ ਚੀਨ ਪੂਰਬੀ ਲੱਦਾਖ ’ਚ ਸਰਹੱਦੀ ਇਲਾਕਿਆਂ ’ਚੋਂ ਤਣਾਅ ਘਟਾਉਣ ਅਤੇ ਫ਼ੌਜ ਪੂਰੀ ਤਰ੍ਹਾਂ ਪਿੱਛੇ ਹਟਾਉਣ ਲਈ ਗੰਭੀਰਤਾ ਨਾਲ ਮਿਲ ਕੇ ਕੰਮ ਕਰੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਦੁਵੱਲੇ ਸਬੰਧਾਂ ’ਚ ਸੁਧਾਰ ਲਈ ਦੋਵੇਂ ਮੁਲਕਾਂ ਵੱਲੋਂ ਸਰਹੱਦ ’ਤੇ ਮੁਕੰਮਲ ਸ਼ਾਂਤੀ ਬਣਾਉਣ ਦੀ ਲੋੜ ਹੈ। ਉਧਰ ਚੀਨ ’ਚ ਭਾਰਤੀ ਸਫ਼ੀਰ ਵਿਕਰਮ ਮਿਸਰੀ ਨੇ ਅੱਜ ਚੀਨੀ ਫ਼ੌਜ ਦੇ ਸੀਨੀਅਰ ਜਨਰਲ ਨਾਲ ਮੁਲਾਕਾਤ ਕਰ ਕੇ ਪੂਰਬੀ ਲੱਦਾਖ ’ਚ ਸਰਹੱਦ ’ਤੇ ਹਾਲਾਤ ਬਾਰੇ ਭਾਰਤ ਦੇ ਸਟੈਂਡ ਦੀ ਜਾਣਕਾਰੀ ਦਿੱਤੀ। ਪਿਛਲੇ ਤਿੰਨ ਦਿਨਾਂ ’ਚ ਸ੍ਰੀ ਮਿਸਰੀ ਅਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਇਹ ਦੂਜੀ ਮੀਟਿੰਗ ਸੀ। ਇਹ ਮੁਲਾਕਾਤਾਂ ਅਜਿਹੇ ਮੌਕੇ ਹੋਈਆਂ ਹਨ, ਜਦੋਂ ਰਿਪੋਰਟਾਂ ਹਨ ਕਿ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਦੇ ਅਸਲ ਕੰਟਰੋਲ ਰੇਖਾ ਤੋਂ ਪਿੱਛੇ ਹਟਾਉਣ ਦੇ ਅਮਲ ਨੂੰ ਬਰੇਕਾਂ ਲੱਗ ਗਈਆਂ ਹਨ।